ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ‘ਪੰਜਾਬ ਦਾ ਪੁਨਰਵਾਸ’ ਮੁੱਦੇ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ ‘ਚ ਹੜ੍ਹਾਂ ਕਾਰਨ ਜੋ ਭਾਰੀ ਤਬਾਹੀ ਹੋਈ ਹੈ, ਇਨ੍ਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਾਲ 1988 ‘ਚ 11 ਲੱਖ, 20 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਪਰ ਹੁਣ 14 ਲੱਖ, 11 ਹਜ਼ਾਰ ਕਿਊਸਿਕ ਪਾਣੀ ਆਇਆ। ਇਨ੍ਹਾਂ ਹੜ੍ਹਾਂ ਨੇ ਪੰਜਾਬ ‘ਚ ਵੱਡੀ ਤਬਾਹੀ ਮਚਾਈ ਅਤੇ 10 ਲੱਖ ਕਿਊਸਿਕ ਪਾਣੀ ਖੱਡਾਂ ਅਤੇ ਨਾਲਿਆਂ ਰਾਹੀਂ ਆਇਆ, ਜੋ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਿਆ। ਉਨ੍ਹਾਂ ਦੱਸਿਆ ਕਿ ਡੈਮਾਂ ‘ਚ ਪਾਣੀ ਸਟੋਰ ਕਰਨ ਜਾਂ ਛੱਡਣ ਦੀ ਜ਼ਿੰਮੇਵਾਰੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਤੈਅ ਕੀਤੀ ਜਾਂਦੀ ਹੈ ਪਰ ਇਸ ਵਾਰ 717 ਫ਼ੀਸਦੀ ਮੀਂਹ ਜ਼ਿਆਦਾ ਪੈ ਗਿਆ, ਜਿਸ ਨੇ ਸਾਰੇ ਪਾਸੇ ਪਾਣੀਓਂ-ਪਾਣੀ ਕਰ ਦਿੱਤਾ।
ਮੰਤਰੀ ਗੋਇਲ ਨੇ ਦੱਸਿਆ ਕਿ ਪੰਜਾਬ ‘ਚ ਇੰਨਾ ਜ਼ਿਆਦਾ ਮੀਂਹ ਪਿਆ, ਜਿਸ ਨੂੰ ਸੰਭਾਲਿਆ ਨਹੀਂ ਜਾ ਸਕਦਾ ਸੀ। ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਜੋ ਵੀ ਹੋ ਸਕਦਾ ਸੀ, ਆਪਣਾ ਪੂਰਾ ਜ਼ੋਰ ਲਾਇਆ। ਪੰਜਾਬ ਸਰਕਾਰ ਨੇ ਡੈਮਾਂ ‘ਚੋਂ ਬਹੁਤ ਬਾਖੂਬੀ ਨਾਲ ਪਾਣੀ ਛੱਡਿਆ ਤਾਂ ਜੋ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋ ਸਕੇ। ਮੰਤਰੀ ਗੋਇਲ ਨੇ ਦੱਸਿਆ ਕਿ ਸਾਡੀ ਸਭ ਤੋਂ ਵੱਡੀ ਪਹਿਲ ਡੈਮਾਂ ਨੂੰ ਬਚਾਉਣ ਦੀ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ‘ਚ ਸਾਡੇ ਸਾਰੀਆਂ ਪਾਰਟੀਆਂ ਦੇ ਆਗੂ ਜ਼ਮੀਨੀ ਪੱਧਰ ‘ਤੇ ਲੋਕਾਂ ‘ਚ ਵਿੱਚਰੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨਾਲ ਮੁਲਾਕਾਤ ਕੀਤੀ।
ਕੇਂਦਰ ਸਰਕਾਰ ਬਾਰੇ ਬੋਲੇ ਮੰਤਰੀ ਗੋਇਲ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਦੀ ਮਦਦ ਲਈ ਖੁੱਲ੍ਹੇ ਦਿਲ ਨਾਲ ਅੱਗੇ ਆਉਣਾ ਚਾਹੀਦਾ ਹੈ। ਕੇਂਦਰ ਸਰਕਾਰ ਪੰਜਾਬ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ। ਇਹ ਵੱਡੇ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਨੂੰ ਇਨ੍ਹਾਂ ਨੇ ਬੇਗਾਨਾ ਸਮਝ ਕੇ ਸਾਡੇ ਨਾਲ ਭੇਦਭਾਵ ਕੀਤਾ ਹੈ। ਮੰਤਰੀ ਨੇ ਕਿਹਾ ਕਿ ‘ਆਪਰੇਸ਼ਨ ਸਿੰਦੂਰ’ ਲਈ ਕੇਂਦਰ ਸਰਕਾਰ ਵਾਹੋ-ਵਾਹੀ ਖੱਟ ਰਹੀ ਹੈ ਪਰ ਡਰੋਨ ਪੰਜਾਬ ‘ਚ ਹੀ ਡਿੱਗੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਦੇ ਕੇ ਇਸ ਵੱਡੀ ਤ੍ਰਾਸਦੀ ‘ਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।

