ਫਿਰੋਜ਼ਪੁਰ : ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਡਰੋਨ ਹਮਲੇ ਦਾ ਸ਼ਿਕਾਰ ਹੋਏ ਫਿਰੋਜ਼ਪੁਰ ਦੇ ਪਰਿਵਾਰ ‘ਚੋਂ ਪਤਨੀ ਦੀ ਮੌਤ ਹੋ ਗਈ ਸੀ। ਹੁਣ ਉਕਤ ਹਾਦਸੇ ਦੌਰਾਨ ਜ਼ਖਮੀ ਹੋਏ ਪਤੀ ਦੀ ਵੀ ਮੌਤ ਹੋ ਗਈ ਹੈ। ਪਿਛਲੇ 7-8 ਦਿਨਾਂ ਤੋਂ ਲਖਵਿੰਦਰ ਸਿੰਘ ਦੀ ਸਿਹਤ ਖ਼ਰਾਬ ਹੋ ਰਹੀ ਸੀ ਅਤੇ ਉਸ ਦੇ ਅੰਦਰ ਇੰਫੈਕਸ਼ਨ ਹੋਣ ਕਾਰਨ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਸ ਦੇ ਡਾਇਲਸਿਸ ਵੀ ਹੋ ਰਹੇ ਸਨ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ।
9-10 ਮਈ ਦੀ ਰਾਤ ਨੂੰ ਹੋਇਆ ਸੀ ਹਮਲਾ
ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਪੰਜਾਬ ‘ਚ ਡਰੋਨ ਹਮਲੇ ਕੀਤੇ ਜਾ ਰਹੇ ਸਨ। 9-10 ਮਈ ਦੀ ਰਾਤ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖਾਈ ਫ਼ੇਮ ‘ਚ ਪਾਕਿਸਤਾਨੀ ਡਰੋਨ ਇਕ ਘਰ ‘ਚ ਡਿੱਗ ਗਿਆ ਸੀ, ਜਿਸ ਕਾਰਨ ਘਰ ਨੂੰ ਅੱਗ ਲੱਗ ਗਈ।
ਇਸ ਦੌਰਾਨ ਪਰਿਵਾਰ ਦੇ 3 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ‘ਚੋਂ ਪਤੀ-ਪਤਨੀ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਸੀ। ਹਸਪਤਾਲ ‘ਚ ਇਲਾਜ ਦੌਰਾਨ ਜੇਰੇ ਇਲਾਜ ਪਤਨੀ ਸੁਖਵਿੰਦਰ ਕੌਰ ਦੀ 13 ਮਈ ਨੂੰ ਮੌਤ ਹੋ ਗਈ ਸੀ। ਹੁਣ ਬੀਤੀ ਦੇਰ ਰਾਤ ਉਸ ਦੇ ਪਤੀ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਗਈ, ਜੋ ਕਿ ਇਸ ਹਾਦਸੇ ਦੌਰਾਨ 70 ਫ਼ੀਸਦੀ ਸੜ ਚੁੱਕਿਆ ਸੀ।