ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਏ ਡਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ, ਜਦੋਂ ਛੇ ਘੰਟਿਆਂ ਵਿਚ ਹੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਥਾਣਾ ਏ ਡਵੀਜਨ ਦੇ ਅਧੀਨ ਰਾਮਬਾਗ ਇਲਾਕੇ ਵਿਚ ਅਕਾਸ਼ ਕੁਮਾਰ ਨਾਰੰਗ ਦੀ ਦੁਕਾਨ ਜੋ ਕਿ ਸ਼ਾਮ ਸੁੰਦਰ ਮਾਰਕਿਟ ਰਾਮਬਾਗ ਚ ਸਥਿਤ ਹੈ, ’ਤੇ 04,75,000/- ਰੁਪਏ ਦੀ ਚੋਰੀ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਦੁਕਾਨਦਾਰ ਨੂੰ ਸ਼ੱਕ ਸੀ ਕਿ ਇਹ ਚੋਰੀ ਉਸ ਦੇ ਨਾਲ ਕੰਮ ਕਰਦੇ ਹੈਲਪਰ ਨਿਖਿਲ ਕੁਮਾਰ ਵਾਸੀ ਅੰਮ੍ਰਿਤਸਰ ਵੱਲੋਂ ਕਰਵਾਈ ਗਈ ਹੈ, ਜਿਸ ’ਤੇ ਉਕਤ ਮੁਕਦਮਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ਼ ਨਿਖਿਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋ 1,00,000/- ਰੁਪਏ ਬਰਾਮਦ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਨਿਖਿਲ ਕੁਮਾਰ ਪੁੱਛ-ਗਿੱਛ ਦੌਰਾਨ ਕਬੂਲ ਕੀਤਾ ਕਿ ਚੋਰੀ ਉਸੇ ਵੱਲੋਂ ਹੀ ਕਰਵਾਈ ਗਈ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਉਕਤ ਮੁਲਜ਼ਮ ਨੇ ਉਸ ਦੇ ਬਾਕੀ ਤਿੰਨ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰਕੇ ਬਾਕੀ ਨਗਦੀ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮਾਂ ਪਾਸੋਂ ਚੋਰੀ ਵਿੱਚ ਵਰਤਿਆ ਮੋਟਰ ਸਾਇਕਲ ਵੀ ਬਰਾਮਦ ਕੀਤਾ ਹੈ। ਹਾਲਾਂਕਿ ਇਹਨਾਂ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ,ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।