ਲੁਧਿਆਣਾ- ਪਰਿਵਾਰਕ ਸਮੱਸਿਆ ਕਾਰਨ ਨਹਿਰ ’ਚ ਛਾਲ ਲਗਾ ਕੇ ਆਪਣੀ ਜਾਨ ਦੇਣ ਜਾ ਰਹੀ ਇਕ ਔਰਤ ਨੂੰ ਟ੍ਰੈਫਿਕ ਕਰਮਚਾਰੀ ਨੇ ਆਪਣੀ ਸੂਝ-ਬੂਝ ਨਾਲ ਸਮਝਾ ਕੇ ਬਚਾ ਲਿਆ। ਮਾਮਲਾ ਗਿੱਲ ਨਹਿਰ ਪੁਲ ਦਾ ਹੈ। ਨਹਿਰ ਦੇ ਪੁਲ ’ਤੇ ਟ੍ਰੈਫਿਕ ਕਰਮਚਾਰੀ ਸੁਖਦੇਵ ਸਿੰਘ ਅਤੇ ਏ.ਐੱਸ.ਆਈ. ਤਲਵਿੰਦਰ ਸਿੰਘ ਦੇ ਨਾਲ ਡਿਊਟੀ ’ਤੇ ਤਾਇਨਾਤ ਸੀ। ਇੰਨੇ ’ਚ ਉਨ੍ਹਾਂ ਨੂੰ ਸ਼ੋਰ ਸੁਣਾਈ ਦਿੱਤਾ ਕਿ ਇਕ ਮਹਿਲਾ ਨਹਿਰ ਦੇ ਕਿਨਾਰੇ ਪੁੱਜ ਕੇ ਛਾਲ ਲਗਾਉਣ ਜਾ ਰਹੀ ਹੈ। ਸੁਖਦੇਵ ਸਿੰਘ ਨੇ ਤੁਰੰਤ ਉਥੇ ਪੁੱਜ ਕੇ ਮਹਿਲਾ ਨੂੰ ਹੱਥ ਨਾਲ ਫੜ ਕੇ ਬਚਾ ਲਿਆ ਅਤੇ ਆਪਣੇ ਜੀਵਨ ਦਾ ਮਹੱਤਵ ਸਮਝਾਇਆ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਘਰੇਲੂ ਕਲੇਸ਼ ਕਾਰਨ ਪ੍ਰੇਸ਼ਾਨ ਸੀ ਅਤੇ ਆਪਣੀ ਜਾਨ ਦੇਣ ਲਈ ਨਹਿਰ ’ਚ ਛਾਲ ਲਗਾਉਣ ਆਈ ਸੀ। ਇਸ ਤੋਂ ਬਾਅਦ ਲੋਕਾਂ ਨੇ ਉਸ ਦੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਸੂਚਿਤ ਕਰ ਕੇ ਮਹਿਲਾ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ। ਉਥੇ ਖੇਤਰ ’ਚ ਸੁਖਦੇਵ ਸਿੰਘ ਨੂੰ ਇਸ ਸਾਹਸੀ ਕਦਮ ਦੀ ਪ੍ਰਸ਼ੰਸਾ ਕਰ ਰਹੇ ਹਨ।