ਫਾਜ਼ਿਲਕਾ : ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ‘ਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾ ਰੱਖੀ ਹੈ। ਇੱਥੇ ਸਤਲੁਜ ਦਰਿਆ ‘ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋ ਗਏ ਹਨ। ਇਸ ਦੇ ਮੱਦੇਨਜ਼ਰ ਕਾਵਾਂਵਾਲੀ ਪਿੰਡ ਵਿਖੇ ਸਤਲੁਜ ਦੇ ਪੁਲ ‘ਤੇ ਪੁਲਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲ ‘ਤੇ 24 ਘੰਟੇ ਪੁਲਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਇਨ੍ਹਾਂ ਪੁਲਸ ਮੁਲਾਜ਼ਮਾਂ ਵਲੋਂ ਸਤਲੁਜ ਪੁਲ ‘ਤੇ ਆਉਣ ਤੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਪੁਲਸ ਮੁਲਾਜ਼ਮਾਂ ਵਲੋਂ ਲੋਕਾਂ ਨੂੰ ਪੁਲ ਵੱਲ ਨਾ ਆਉਣ ਦੀ ਅਪੀਲ ਕੀਤੀ ਗਈ ਹੈ। ਜਿਹੜੇ ਲੋਕ ਪੁਲ ‘ਤੇ ਪਹੁੰਚ ਰਹੇ ਹਨ, ਉਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਵਲੋਂ ਪਿੱਛੇ ਹਟਾਇਆ ਜਾ ਰਿਹਾ ਹੈ।
ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿੱਛੇ ਤੋਂ ਦਰਿਆ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਅਜਿਹੇ ‘ਚ ਪੁਲ ‘ਤੇ ਜਾਣ ਕਾਰਨ ਕਿਸੇ ਦਾ ਪੈਰ ਵੀ ਤਿਲਕ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਹਾਦਸਾ ਵਾਪਰ ਸਕਦਾ ਹੈ। ਸਤਲੁਜ ਦੇ ਵਧੇ ਪਾਣੀ ਕਾਰਨ ਲੋਕਾਂ ਦੀਆਂ ਫ਼ਸਲਾਂ ਦੇ ਨਾਲ-ਨਾਲ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਹੋਰ ਨੁਕਸਾਨ ਹੋਣ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ।