ਸਾਬਕਾ ਭਾਰਤੀ ਕ੍ਰਿਕਟਰ ਅਤੇ ਅਦਾਕਾਰ Yograj Singh ਨੂੰ ਮਹਿਲਾਵਾਂ ‘ਤੇ ਕਥਿਤ ਆਪੱਤਿਜਨਕ ਟਿੱਪਣੀ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਸੀ। ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ।
ਇਹ ਮਾਮਲਾ ਵੈੱਬ ਸੀਰੀਜ਼ Lukkhe ਦੀ ਇਕ ਵਾਇਰਲ ਵੀਡੀਓ ਕਲਿੱਪ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਸੀਰੀਜ਼ ਵਿੱਚ ਯੋਗਰਾਜ ਸਿੰਘ ਦੇ ਕਿਰਦਾਰ ਵੱਲੋਂ ਮਹਿਲਾਵਾਂ ਲਈ ਅਪਮਾਨਜਨਕ ਅਤੇ ਅਸ਼ਲੀਲ ਸ਼ਬਦ ਵਰਤੇ ਗਏ ਸਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ।
ਐੱਫਆਈਆਰ ਮੁਤਾਬਕ 8 ਮਈ 2026 ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ ਦੀ ਕਲਿੱਪ ਵਾਇਰਲ ਹੋਣ ਤੋਂ ਬਾਅਦ ਐਡਵੋਕੇਟ ਉੱਜਵਲ ਭਸੀਨ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਕਿ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਮਹਿਲਾਵਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ ਅਤੇ ਇਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਆਘਾਤ ਪਹੁੰਚਿਆ ਹੈ।
ਚੰਡੀਗੜ੍ਹ ਅਦਾਲਤ ਨੇ ਵੀ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਵੀਡੀਓ ਵਿੱਚ ਵਰਤੇ ਗਏ ਸ਼ਬਦ ਇੰਨੇ ਆਪੱਤਿਜਨਕ ਹਨ ਕਿ ਪਰਿਵਾਰ ਨਾਲ ਬੈਠ ਕੇ ਉਹਨਾਂ ਨੂੰ ਸੁਣਨਾ ਵੀ ਮੁਸ਼ਕਲ ਹੈ।
ਬਚਾਵ ਪੱਖ ਵੱਲੋਂ ਦਲੀਲ ਦਿੱਤੀ ਗਈ ਕਿ ਯੋਗਰਾਜ ਸਿੰਘ ਨੇ ਸਿਰਫ਼ ਇਕ ਅਦਾਕਾਰ ਵਜੋਂ ਆਪਣਾ ਕਿਰਦਾਰ ਨਿਭਾਇਆ ਹੈ। ਵੈੱਬ ਸੀਰੀਜ਼ ਦੀ ਸਕ੍ਰਿਪਟ ਪਹਿਲਾਂ ਤੋਂ ਤਿਆਰ ਸੀ ਅਤੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਜਾਂ ਮਹਿਲਾਵਾਂ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਬਚਾਵ ਪੱਖ ਨੇ ਸੰਵਿਧਾਨ ਦੇ ਆਰਟਿਕਲ 19(1)(a) ਤਹਿਤ ਅਭਿਵਿਆਕਤੀ ਦੀ ਆਜ਼ਾਦੀ ਦਾ ਹਵਾਲਾ ਵੀ ਦਿੱਤਾ। ਨਾਲ ਹੀ ਕਿਹਾ ਗਿਆ ਕਿ ਮਾਮਲੇ ਵਿੱਚ ਕੋਈ ਬਰਾਮਦਗੀ ਬਾਕੀ ਨਹੀਂ ਹੈ ਅਤੇ ਯੋਗਰਾਜ ਸਿੰਘ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ।

