ਜਲੰਧਰ- ਪੀ.ਪੀ.ਆਰ. ਮਾਰਕੀਟ ਲਗਾਤਾਰ ਬਦਨਾਮ ਹੋ ਰਹੀ ਹੈ। ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਾਰਕੀਟ ਵਿਚ ਇਕ ਨੌਜਵਾਨ ਨੇ 7 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਹ ਬੱਚੀ ਛੋਟਾ-ਮੋਟਾ ਸਾਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਸੀ। ਜਿਉਂ ਹੀ ਆਲੇ-ਦੁਆਲੇ ਦੇ ਲੋਕਾਂ ਨੇ ਇਸ ਨੌਜਵਾਨ ਨੂੰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਦੇਖਿਆ ਤਾਂ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਲੋਕਾਂ ਨੇ ਪੁਲਸ ਨੂੰ ਫੋਨ ਕਰ ਕੇ ਮੁਲਜ਼ਮ ਨੂੰ ਉਸ ਦੇ ਹਵਾਲੇ ਕਰ ਦਿੱਤਾ।
ਲੋਕਾਂ ਮੁਤਾਬਕ ਇਹ ਨੌਜਵਾਨ ਬਾਜ਼ਾਰ ’ਚ ਖਾਣ-ਪੀਣ ਲਈ ਆਇਆ ਸੀ ਅਤੇ ਨਸ਼ੇ ਵਿਚ ਵੀ ਸੀ। ਨਸ਼ੇ ’ਚ ਉਸ ਨੇ ਕੁਝ ਪੈਸਿਆਂ ਦਾ ਲਾਲਚ ਦੇ ਕੇ ਪਹਿਲਾਂ 7 ਸਾਲ ਦੀ ਬੱਚੀ ਨੂੰ ਆਪਣੇ ਕੋਲ ਬੁਲਾਇਆ ਅਤੇ ਫਿਰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਕੁਝ ਦੂਰੀ ’ਤੇ ਅਜਿਹਾ ਹੁੰਦਾ ਦੇਖ ਰਹੇ ਲੋਕਾਂ ਨੇ ਨੌਜਵਾਨ ਦਾ ਵਿਰੋਧ ਕੀਤਾ ਅਤੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਥਾਣਾ ਨੰ. 7 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਬਾਂਬੇ ਨਗਰ ਦਾ ਰਹਿਣ ਵਾਲਾ ਹੈ।