ਜੈਪੁਰ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ‘ਚ ਤਿੰਨ ਵਿਅਕਤੀਆਂ ਨੇ ਇਕ 25 ਸਾਲਾ ਨੌਜਵਾਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਰੰਗ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਰਾਲਵਾਸ ਪਿੰਡ ‘ਚ ਵਾਪਰੀ। ਪੁਲਸ ਅਨੁਸਾਰ ਦੋਸ਼ੀ ਅਸ਼ੋਕ, ਬਬਲੂ ਅਤੇ ਕਾਲੂਰਾਮ ਸਥਾਨਕ ਲਾਇਬ੍ਰੇਰੀ ‘ਚ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੰਸਰਾਜ ਨੂੰ ਰੰਗ ਲਗਾਉਣ ਪਹੁੰਚੇ। ਐਡੀਸ਼ਨਲ ਸੁਪਰਡੈਂਟ ਆਫ਼ ਪੁਲਸ (ਏਐੱਸਪੀ) ਦਿਨੇਸ਼ ਅਗਰਵਾਲ ਨੇ ਕਿਹਾ ਕਿ ਜਦੋਂ ਹੰਸਰਾਜ ਨੇ ਰੰਗ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਤਿੰਨਾਂ ਨੇ ਪਹਿਲਾਂ ਉਸ ਨੂੰ ਲੱਤਾਂ, ਮੁੱਕਿਆਂ ਅਤੇ ਬੈਲਟਾਂ ਨਾਲ ਕੁੱਟਿਆ ਅਤੇ ਬਾਅਦ ‘ਚ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਘਟਨਾ ਤੋਂ ਗੁੱਸੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਲਿਆਂ ਨੇ ਬਾਅਦ ‘ਚ ਹੰਸਰਾਜ ਦੀ ਲਾਸ਼ ਨਾਲ ਪ੍ਰਦਰਸ਼ਨ ਕੀਤਾ ਅਤੇ ਇਲਾਕੇ ‘ਚ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਹੰਸਰਾਜ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਮੁਆਵਜ਼ਾ ਦੇਣ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਤਿੰਨਾਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਦੇ ਭਰੋਸੇ ਤੋਂ ਬਾਅਦ ਲਾਸ਼ ਨੂੰ ਨੈਸ਼ਨਲ ਹਾਈਵੇਅ ਤੋਂ ਹਟਾਇਆ ਗਿਆ।