ਫਾਜ਼ਿਲਕਾ : ਫਾਜ਼ਿਲਕਾ ਦੇ ਜਲਾਲਾਬਾਦ ‘ਚ ਆਪਣੀ ਭੈਣ ਨੂੰ ਮਿਲਣ ਆਏ ਡੱਬਵਾਲਾ ਦੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਕਿਸਮਤ ਇਸ ਕਦਰ ਚਮਕੀ ਕਿ ਉਸ ਦੀਆਂ 2 ਲਾਟਰੀਆਂ ਨਿਕਲ ਗਈਆਂ। ਇਨ੍ਹਾਂ ‘ਚੋਂ ਇਕ ਲਾਟਰੀ ‘ਤੇ 50 ਹਜ਼ਾਰ ਅਤੇ ਦੂਜੀ ‘ਤੇ 45 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ। ਖ਼ਾਸ ਗੱਲ ਇਹ ਹੈ ਕਿ ਰੋਹਿਤ ਨਾਂ ਦੇ ਨੌਜਵਾਨ ਨੇ ਪਹਿਲੀ ਵਾਰ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ ਸਨ।
ਜਾਣਕਾਰੀ ਦਿੰਦੇ ਹੋਏ ਰੋਹਿਤ ਕੁਮਾਰ ਨੇ ਦੱਸਿਆ ਕਿ ਉਹ ਡੱਬਵਾਲਾ ਦਾ ਰਹਿਣ ਵਾਲਾ ਹੈ ਅਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਉਹ ਅੱਜ ਆਪਣੀ ਭੈਣ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ। ਇੱਥੇ ਉਸ ਨੇ ਪਹਿਲੀ ਵਾਰ ਕਰੀਬ 500 ਰੁਪਏ ਦੀ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ। ਇਨ੍ਹਾਂ ‘ਚੋਂ ਇਕ ਟਿਕਟ ‘ਤੇ 45 ਹਜ਼ਾਰ ਅਤੇ ਦੂਜੀ ਟਿਕਟ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ। ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਅੱਜ ਤੱਕ ਉਸ ਨੇ ਕਦੇ ਲਾਟਰੀ ਨਹੀਂ ਪਾਈ।
ਦੱਸਣਯੋਗ ਹੈ ਕਿ ਰੋਹਿਤ ਕੁਮਾਰ ਨੂੰ ਲਾਟਰੀ ਵਿਕਰੇਤਾ ਨੇ ਫੋਨ ਕਰਕੇ ਇਸ ਬਾਰੇ ਦੱਸਿਆ। ਸ਼ਾਮ ਨੂੰ ਜਦੋਂ ਰੋਹਿਤ ਲਾਟਰੀ ਵਿਕਰੇਤਾ ਕੋਲ ਜਿੱਤੀ ਰਕਮ ਲੈਣ ਪੁੱਜਿਆ ਤਾਂ ਉਸ ਕੋਲ ਮੌਜੂਦ ਡੀਅਰ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ‘ਤੇ 45 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ, ਜਿਸ ਕਾਰਨ ਉਹ ਬੇਹੱਦ ਖ਼ੁਸ਼ ਹੈ। ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਇਨਾਮ ਦੀ ਰਕਮ ਨੂੰ ਉਹ ਘਰ ਦੇ ਕੰਮਾਂ ਲਈ ਇਸਤੇਮਾਲ ਕਰੇਗਾ।