ਫਗਵਾੜਾ : ਫਗਵਾੜਾ ਚ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਚਰਨ ਸਿੰਘ ਪੁੱਤਰ ਸੁਖਵਿੰਦਰ ਰਾਮ ਵਾਸੀ ਪਿੰਡ ਰਾਮਪੁਰ ਸੁਨੜਾ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸ਼ਿਵਚਰਨ ਸਿੰਘ ਦੇ ਪਿਤਾ ਸੁਖਵਿੰਦਰ ਰਾਮ ਨੇ ਫਗਵਾੜਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੇ ਲੜਕੇ ਸ਼ਿਵਚਰਨ ਸਿੰਘ ਨੂੰ ਉਸਦੇ ਹੀ ਤਿੰਨ ਦੋਸਤਾਂ ਹਰਵਿੰਦਰ ਰਾਮ ਉਰਫ ਹਨੀ ਪੁੱਤਰ ਰਾਮ ਜੀ, ਮਨਜਿੰਦਰ ਸਿੰਘ ਪੁੱਤਰ ਗੁਰਨੇਕ ਸਿੰਘ ਅਤੇ ਜਸਵਿੰਦਰ ਉਰਫ ਸੰਨਾ ਪੁੱਤਰ ਰਾਮ ਜੀ ਵਾਸੀ ਪਿੰਡ ਰਾਮਪੁਰ ਸੁਨੜਾ ਥਾਣਾ ਰਾਵਲਪਿੰਡੀ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਉਸਦੇ ਪੁੱਤਰ ਦੀ ਮੌਤ ਹੋਈ ਹੈ।
ਇਸ ਸਬੰਧੀ ਮੰਗਲਵਾਰ ਨੂੰ ਐੱਸਪੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਮ੍ਰਿਤਕ ਸ਼ਿਵਚਰਨ ਸਿੰਘ ਦੀ ਨਸ਼ੇ ਦੇ ਟੀਕੇ ਨਾਲ ਹੋਈ ਮੌਤ ਤੋਂ ਬਾਅਦ ਉਸਦੇ ਪਿਤਾ ਸੁਖਵਿੰਦਰ ਰਾਮ ਵੱਲੋਂ ਥਾਣਾ ਰਾਵਲਪਿੰਡੀ ਦੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਸਬੰਧੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ ਸ਼ਾਮਲ ਉਸਦੇ ਤਿੰਨਾਂ ਦੋਸਤਾਂ ਹਰਵਿੰਦਰ ਰਾਮ ਉਰਫ ਹਨੀ ਪੁੱਤਰ ਰਾਮ ਜੀ, ਮਨਜਿੰਦਰ ਸਿੰਘ ਪੁੱਤਰ ਗੁਰਨੇਕ ਸਿੰਘ ਅਤੇ ਜਸਵਿੰਦਰ ਉਰਫ ਸੰਨਾ ਪੁੱਤਰ ਰਾਮ ਜੀ ਵਾਸੀ ਪਿੰਡ ਰਾਮਪੁਰ ਸੁੰਨੜਾ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਖਿਲਾਫ ਪੁਲਸ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਅਤੇ ਥਾਣਾ ਰਾਵਲਪਿੰਡੀ ਦੇ ਐੱਸ. ਐੱਚ. ਓ. ਐੱਸ. ਆਈ. ਮੇਜਰ ਸਿੰਘ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੁਰਾ ਦੇ ਹੁਕਮਾਂ ‘ਤੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।