ਜਲੰਧਰ – ਥਾਣਾ ਸਦਰ ਜਮਸ਼ੇਰ ਅਧੀਨ ਪੈਂਦੇ ਇਲਾਕੇ ਵਿਚ ਵਿਆਹ ਦੇ 15 ਦਿਨ ਬਾਅਦ ਹੀ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਥਾਣਾ ਸਦਰ ਦੇ ਮੁਖੀ ਐੱਸ. ਆਈ. ਸੁਰੇਸ਼ ਕੁਮਾਰ ਕਰ ਰਹੇ ਹਨ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਸੋਮਨਾਥ ਵਾਸੀ ਨਿੰਮਾਂਵਾਲਾ ਮੁਹੱਲਾ ਜਮਸ਼ੇਰ ਜ਼ਿਲਾ ਜਲੰਧਰ ਵਜੋਂ ਹੋਈ।
ਸਦਰ ਪੁਲਸ ਨੇ ਮ੍ਰਿਤਕ ਨੌਜਵਾਨ ਮੁਕੇਸ਼ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਵੀਰਵਾਰ ਨੂੰ ਸਵੇਰੇ ਉਸਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰ ਨੂੰ ਸੌਂਪੀ ਜਾਵੇਗੀ। ਐੱਸ. ਐੱਚ. ਓ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਾਣੀ ਪੁੱਤਰੀ ਕਸ਼ਮੀਰੀ ਲਾਲ ਵਾਸੀ ਪਿੰਡ ਬੱਗਾ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਵਿਆਹ 7 ਜਨਵਰੀ 2025 ਨੂੰ ਮੁਕੇਸ਼ ਕੁਮਾਰ ਨਾਲ ਹੋਇਆ ਸੀ। ਉਹ ਆਪਣੇ ਪਤੀ ਸਮੇਤ ਆਪਣੀ ਨਨਾਣ ਸਿਮਰਨ ਪਤਨੀ ਰਾਹੁਲ ਵਾਸੀ ਪਿੰਡ ਸਰਕਪੁਰ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ ਦੇ ਘਰ ਵਿਚ ਰਹਿੰਦੀ ਸੀ।
21 ਜਨਵਰੀ ਨੂੰ ਉਸ ਦਾ ਪਤੀ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕਿਸੇ ਕੰਮ ਲਈ ਜੰਡਿਆਲਾ ਜਾ ਰਿਹਾ ਹੈ ਅਤੇ ਰਾਤ ਤਕ ਉਹ ਘਰ ਵਾਪਸ ਨਹੀਂ ਆਇਆ, ਜਿਸ ਦੀ ਉਹ ਭਾਲ ਕਰ ਰਹੇ ਸਨ ਅਤੇ ਅਗਲੇ ਦਿਨ ਸਵੇਰੇ 10.15 ਵਜੇ ਉਸ ਦੀ ਨਨਾਣ ਦੇ ਪਤੀ ਨੇ ਉਸ ਨੂੰ ਦੱਸਿਆ ਕਿ ਮੁਕੇਸ਼ ਦੀ ਮੌਤ ਹੋ ਗਈ ਹੈ। ਉਹ ਆਪਣੇ ਪਰਿਵਾਰ ਸਮੇਤ ਸਿਵਲ ਹਸਪਤਾਲ ਪਹੁੰਚ ਗਈ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਪਤੀ ਦੀ ਮੌਤ ਦੇ ਕਾਰਨਾਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਿਸੇ ’ਤੇ ਕੋਈ ਸ਼ੱਕ ਹੈ। ਉਸ ਨੇ ਕਿਹਾ ਕਿ ਉਹ ਕਿਸੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ।