ਜਲਾਲਾਬਾਦ ਸਥਾਨਕ ਆਰੇ ਵਾਲਾ ਰੋਡ ’ਤੇ ਬੀਤੀ ਦੁਪਹਿਰ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਇਕ ਨਿੱਜੀ ਰੈਸਟੋਰੈਂਟ ਦਾ ਬੋਰਡ ਲਾਹੁਣ ਸਮੇਂ ਟੈਂਟ ਹਾਊਸ ’ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ। ਇਸ ਕਾਰਨ ਸੰਨੀ ਪੁੱਤਰ ਸੱਤਾ ਸਿੰਘ ਨਿਵਾਸੀ ਪਿੰਡ ਚੱਕ ਰੁੰਮ ਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੰਨੀ ਸ਼ਹਿਰ ਦੇ ਚੁਚਰਾ ਟੈਂਟ ਹਾਊਸ ਦੇ ਸੰਚਾਲਕ ਮਨੀਸ਼ ਚੁਚਰਾ ਕੋਲ ਪਿਛਲੇ ਕਾਫੀ ਸਾਲਾਂ ਤੋਂ ਨੌਕਰੀ ਕਰਦਾ ਸੀ।
ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਦੁਪਹਿਰ ਟੈਂਟ ਹਾਊਸ ਦੇ ਸੰਚਾਲਕ ਮਨੀਸ਼ ਵੱਲੋਂ ਸੰਨੀ ਨੂੰ ਆਰੇਵਾਲਾ ਰੋਡ ’ਤੇ ਚੱਲਦੇ ਨਿੱਜੀ ਰੈਸਟੋਰੈਂਟ ਦੀ ਫੂਡ ਟਿਊਨਲ ਦਾ ਬੋਰਡ ਲਾਹੁਣ ਲਈ ਭੇਜਿਆ ਸੀ। ਬੋਰਡ ਲਾਹੁਣ ਲਈ ਜਦੋਂ ਸੰਨੀ ਪੌੜੀ ਤੇ ਚੜ੍ਹ ਕੇ ਕੰਮ ਕਰਨ ਲੱਗਿਆ ਤਾ ਅਚਾਨਕ ਉਸ ਨੂੰ ਬਿਜਲੀ ਦਾ ਕਰੰਟ ਲੱਗਿਆ ਅਤੇ ਉਹ ਜ਼ਮੀਨ ’ਤੇ ਆ ਡਿੱਗਿਆ, ਜਿਸ ਕਾਰਨ ਉਸਦੀ ਮੌਕੇ ਤੇ ਮੌਤ ਹੋ ਗਈ। ਰਾਹਗੀਰਾਂ ਨੇ ਸੰਨੀ ਨੂੰ ਇਲਾਜ ਲਈ ਸਥਾਨਕ ਪੰਜਾਬ ਨਰਸਿੰਗ ਹੋਮ ’ਚ ਦਾਖ਼ਲ ਕਰਵਾਇਆ। ਪੰਜਾਬ ਨਰਸਿੰਗ ਹੋਮ ਦੇ ਸੰਚਾਲਕ ਡਾ. ਨਰੇਸ਼ ਚੁੱਘ ਨੇ ਦੱਸਿਆ ਕਿ ਹਸਪਤਾਲ ਲਿਆਉਣ ਸਮੇਂ ਨੌਜਵਾਨ ਦੀ ਮੌਤ ਹੋ ਚੁੱਕੀ ਸੀਮੌਕੇ ’ਤੇ ਪੁੱਜੇ ਥਾਣਾ ਸਿਟੀ ਮੁਖੀ ਇੰਸ. ਅੰਗਰੇਜ਼ ਕੁਮਾਰ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਅਤੇ ਰਾਹਗੀਰਾਂ ਕੋਲੋਂ ਵੀ ਪੁੱਛਗਿੱਛ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।