ਮਾਲੇ/ਨਵੀਂ ਦਿੱਲੀ- ਮਾਲਦੀਵ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਚੋਣਾਂ ’ਚ ‘ਇੰਡੀਆ ਆਊਟ’ ਦਾ ਨਾਅਰਾ ਦੇਣ ਵਾਲੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਹੁਣ ਮਦਦ ਦੀ ਉਮੀਦ ਨਾਲ 5 ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚ ਗਏ ਹਨ।
ਮੁਈਜ਼ੂ ਨੇ ਭਾਰਤ ਆਉਣ ਤੋਂ ਪਹਿਲਾਂ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਭਾਰਤ ਮਾਲਦੀਵ ਦੀ ਮਦਦ ਲਈ ਅੱਗੇ ਆਵੇਗਾ। ਭਾਰਤ ਵਿਕਾਸ ਵਿਚ ਸਾਡੇ ਸਭ ਤੋਂ ਵੱਡੇ ਭਾਈਵਾਲਾਂ ’ਚੋਂ ਇਕ ਹੈ। ਉਹ ਸਾਡੀ ਹਾਲਤ ਤੋਂ ਪੂਰੀ ਤਰ੍ਹਾਂ ਜਾਣੂ ਹੈ। ਸਤੰਬਰ ਵਿਚ ਮਾਲਦੀਵ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 44 ਕਰੋੜ ਡਾਲਰ ਰਹਿ ਗਿਆ।
ਸਤੰਬਰ ਵਿਚ ਹੀ ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਮਾਲਦੀਵ ਦੀ ਕ੍ਰੈਡਿਟ ਰੇਟਿੰਗ ਘਟਾਉਂਦਿਆਂ ਕਿਹਾ ਸੀ ਕਿ ਉਸ ਦੇ ਡਿਫਾਲਟਰ ਹੋਣ ਦਾ ਖਤਰਾ ਵਧ ਗਿਆ ਹੈ। ਮੁਈਜ਼ੂ 10 ਅਕਤੂਬਰ ਤੱਕ ਭਾਰਤ ’ਚ ਰਹਿਣਗੇ।