ਲਖਨਊ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਦੇਸ਼ ਭਰ ‘ਚੋਂ ਮਹਾਕੁੰਭ ਵਿਚ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਮਹਾਕੁੰਭ ਦੌਰਾਨ ਆਉਣ ਜਾਣ ਵਾਲਿਆਂ ਨੂੰ ਉੱਤਰ ਪ੍ਰਦੇਸ਼ ਦੇ 7 ਟੋਲ ਪਲਾਜ਼ਿਆਂ ‘ਤੇ ਟੈਕਸ ਨਹੀਂ ਦੇਣਾ ਪਵੇਗਾ। ਸਰਕਾਰ ਦੀ ਯੋਜਨਾ ਮੁਤਾਬਕ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਲੰਘਣ ਵਾਲਿਆਂ ਨੂੰ 1 ਰੁਪਈਆ ਵੀ ਟੈਕਸ ਨਹੀਂ ਦੇਣਾ ਪਵੇਗਾ। ਵੱਖ-ਵੱਖ ਜ਼ਿਲ੍ਹਿਆਂ ਵਿਚ ਪ੍ਰਯਾਗਰਾਜ ਦੇ ਰਾਹ ਵਿਚ ਪੈਂਦੇ 7 ਟੋਲ ਪਲਾਜ਼ੇ ਫ਼ਰੀ ਰਹਿਣਗੇ।
ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਫ਼ੈਸਲਾ ਪ੍ਰਯਾਗਰਾਜ ਵਿਚ ਲੱਗਣ ਵਾਲੇ ਮਹਾਕੁੰਭ ਦੇ ਮੱਦੇਨਜ਼ਰ ਲਿਆ ਹੈ। ਸਰਕਾਰ ਦੇ ਹੁਕਮਾਂ ਮੁਤਾਬਕ ਉੱਤਰ ਪ੍ਰਦੇਸ਼ ਦੇ 7 ਟੋਲ ਪਲਾਜ਼ਿਆਂ ‘ਤੇ ਟੈਕਸ ਨਹੀਂ ਵਸੂਲਿਆ ਜਾਵੇਗਾ। ਇਸ ਨੂੰ ਲੈ ਕੇ NHAI ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮਹਾਕੁੰਭ ਮੇਲਾ 13 ਜਨਵਰੀ 2025 ਤੋਂ ਲੈ ਕੇ 26 ਫ਼ਰਵਰੀ ਤਕ ਚੱਲੇਗਾ। ਇਨ੍ਹਾਂ 45 ਦਿਨਾਂ ਤਕ ਉੱਤਰ ਪ੍ਰਦੇਸ਼ ਦੇ 7 ਟੋਲ ਪਲਾਜ਼ੇ ਪੂਰੀ ਤਰ੍ਹਾਂ ਫ਼ਰੀ ਰਹਿਣਗੇ। ਹਾਲਾਂਕਿ ਸਿਰਫ਼ ਨਿੱਜੀ ਵਾਹਨ ਹੀ ਟੋਲ ਟੈਕਸ ਦਿੱਤੇ ਬਗੈਰ ਜਾ ਸਕਣਗੇ। NHAI ਦੇ ਮੁਤਾਬਕ ਸਟੀਲ ਬਾਰ, ਰੇਤ, ਸੀਮੈਂਟ ਜਾਂ ਇਲੈਕਟ੍ਰਾਨਿਕ ਚੀਜ਼ਾਂ ਲਿਜਾਣ ਵਾਲੇ ਕਰਮਸ਼ੀਅਲ ਵਾਹਨਾਂ ਨੂੰ ਟੋਲ ਟੈਕਸ ਦੇਣਾ ਪਵੇਗਾ।