ਨੈਸ਼ਨਲ ਡੈਸਕ- ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਮਗਰੋਂ ਸੈਂਕੜੇ ਟੂਰਿਸਟ ਜੰਮੂ-ਕਸ਼ਮੀਰ ‘ਚ ਫਸੇ ਹੋਏ ਹਨ। ਉਨ੍ਹਾਂ ਨੂੰ ਵਾਪਸ ਆਪਣੇ ਘਰ ਪਹੁੰਚਾਉਣ ਲਈ ਭਾਰਤੀ ਰੇਲਵੇ ਨੇ ਸਪੈਸ਼ਲ ਟ੍ਰੇਨਾਂ ਲਗਾਉਣ ਦੀ ਵਿਵਸਥਾ ਕੀਤੀ ਹੈ। ਇਨ੍ਹਾਂ ਸਪੈਸ਼ਲ ਟ੍ਰੇਨਾਂ ਰਾਹੀਂ ਵੀਰਵਾਰ ਦੇਰ ਰਾਤ ਤੱਕ ਨਵੀਂ ਦਿੱਲੀ ਤੇ ਹੋਰ ਸ਼ਹਿਰਾਂ ਲਈ ਟੂਰਿਸਟਾਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਇਆ।
ਕੇਂਦਰੀ ਮੰਤਰੀ ਪ੍ਰਤਾਪਰਾਓ ਜਾਧਵ ਨੇ ਜੰਮੂ-ਕਸ਼ਮੀਰ ਤੋਂ ਚੱਲੀਆਂ ਇਨ੍ਹਾਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਹਿਲੀ ਟ੍ਰੇਨ ਰਾਹੀਂ ਕਰੀਬ 580 ਰਿਜ਼ਰਵਡ ਤੇ 180 ਅਨਰਿਜ਼ਰਵਡ ਸੀਟਾਂ ਵਾਲੇ ਯਾਤਰੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਇਆ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਜੰਮੂ ਖੇਤਰ ਦੇ ਲਗਭਗ 200 ਯਾਤਰੀ ਦੂਜੀ ਵਿਸ਼ੇਸ਼ ਰੇਲਗੱਡੀ ਵਿੱਚ ਸਵਾਰ ਹੋਏ, ਜੋ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਰਵਾਨਾ ਹੋਈ ਸੀ ਅਤੇ ਭਾਰਤੀ ਰੇਲਵੇ ਕੇਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਰੇਲਗੱਡੀ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਲਈ ਢੁਕਵੇਂ ਪ੍ਰਬੰਧ ਕੀਤੇ ਸਨ। ਉਨ੍ਹਾਂ ਕਿਹਾ ਕਿ ਵਧਦੀ ਮੰਗ ਦੇ ਮੱਦੇਨਜ਼ਰ ਟ੍ਰੇਨ ਵਿੱਚ ਤੁਰੰਤ ਇੱਕ ਵਾਧੂ ਥਰਡ ਕਲਾਸ ਏਅਰ-ਕੰਡੀਸ਼ਨਡ ਕੋਚ (72 ਸੀਟਾਂ) ਜੋੜਿਆ ਗਿਆ।