ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ 7 ਮਈ ਤੋਂ ਲੈ ਕੇ ਹੁਣ ਤਕ 143 ਉਮੀਦਵਾਰਾਂ ਵਲੋਂ 163 ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕਿ ਲੋਕ ਉਨ੍ਹਾਂ ਨੂੰ ਵਿਕਾਸ ਦੇ ਨਾਂ ‘ਤੇ ਵੋਟਾਂ ਪਾਉਣਗੇ ਕਿਉਂਕਿ ਬਠਿੰਡਾ ਲੋਕ ਸਭਾ ਹਲਕਾ ਚ ਜਿੰਨਾ ਵਿਕਾਸ ਹੋਇਆ ਹੈ ਕਿਸੇ ਹੋਰ ਦੇ ਸਮੇਂ ਨਹੀਂ ਹੋਇਆ।
ਇਸ ਦੇ ਨਾਲ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਲੱਗ ਰਿਹਾ ਹੈ ਕਿ ਭਾਜਪਾ ਚੋਣਾਂ ਹਾਰ ਰਹੀ ਹੈ। ਪ੍ਰਧਾਨ ਮੰਤਰੀ ਸਿਰਫ ਇਕ ਕਮਿਊਨਿਟੀ ਨੂੰ ਟਾਰਗੇਟ ਕਰਨ ਵਿਚ ਲੱਗੇ ਹੋਏ ਹਨ। ਮੰਗਲ ਸੂਤਰ ਖੋਹਣ ਦੀ ਗੱਲ ਕੀਤੀ ਜਾ ਰਹੀ ਹੈ। ਰਾਜਸਥਾਨ ਵਿਚ ਭਾਜਪਾ ਨੂੰ 25 ਵਿਚੋਂ ਸਿਰਫ 15 ਸੀਟਾਂ ਮਿਲ ਰਹੀਆਂ ਹਨ ਤੇ ਨਾਰਥ ਦੇ ਦੂਜੇ ਸੂਬਿਆਂ ਵਿਚ ਵੀ ਇਹੋ ਹਾਲ ਹੈ। ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਨਾਲ ਮਿਲ ਕੇ ਪੰਜਾਬ ਨੂੰ ਝੂਠੇ ਸੁਪਨੇ ਦਿਖਾ ਕੇ ਪੰਜਾਬ ਵਿਰੁੱਧ ਇੱਕ ਸਾਜ਼ਿਸ਼ ਰਚੀ ਗਈ ਹੈ ਜੋ ਪੰਜਾਬ ਨੂੰ ਬਰਬਾਦ ਕਰਕੇ ਨੌਜਵਾਨੀ ਨੂੰ ਬਰਬਾਦ ਕਰ ਰਹੀ ਹੈ।