\ਸੁਨਾਮ ਊਧਮ ਸਿੰਘ ਵਾਲਾ, 11 ਸਤੰਬਰ —ਲੋਕ ਸਭਾ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨਾਮ ’ਚ ਵਿਧਾਨ ਸਭਾ ਹਲਕਾ ਸੁਨਾਮ ਦੇ ਮੁੱਖ ਆਗੂ ਮਨਪ੍ਰੀਤ ਸਿੰਘ ਮਨੀ ਵੜੈਚ ਦੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਰਥਿਕ ਹਾਲਤ ਡਾਂਵਾਡੋਲ ਹੋ ਗਈ ਹੈ, ਸਰਕਾਰ ਦਾ ਖ਼ਜ਼ਾਨਾ ਵੈਂਟੀਲੇਟਰ ’ਤੇ ਪਿਆ ਹੈ। ਭਗਵੰਤ ਮਾਨ ਸਰਕਾਰ ਕੇਂਦਰ ਤੋਂ ਕਰਜੇ ਦੀ ਹੱਦ 10 ਹਜ਼ਾਰ ਕਰੋੜ ਹੋਰ ਵਧਾਉਣ ਲਈ ਲਿੱਲੜੀਆ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਨਵੀਂ ਨੀਂਹ ਪੁੱਟ ਕੇ ਕਿਤੇ ਕੋਈ ਨਵਾਂ ਸਕੂਲ, ਕਾਲਜ, ਮੈਡੀਕਲ ਕਾਲਜ ਤੱਕ ਨਹੀਂ ਬਣਾਇਆ ਬਲਕਿ ਪੁਰਾਣੀਆ ਇਮਾਰਤਾਂ ’ਤੇ ਰੰਗ ਰੋਗਨ ਕਰਕੇ ਸਿਰਫ਼ ਭਗਵੰਤ ਮਾਨ ਦੀ ਫੋਟੋ ਲਗਾਉਣ ਦਾ ਕੰਮ ਹੀ ਕੀਤਾ ਹੈ,ਫਿਰ ਵੀ ਲੋਕਾਂ ਸਿਰ 91 ਹਜ਼ਾਰ ਕਰੋੜ ਦਾ ਨਵਾਂ ਕਰਜਾ ਮੜ੍ਹ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਕਾਂਗਰਸ ਪਾਰਟੀ ਜਲਦੀ ਹੀ ਪੁਲਿਸ ਦੇ ਥਾਣਿਆਂ/ਸਬ ਡਵੀਜ਼ਨਾਂ ਅੱਗੇ ਧਰਨੇ ਲਾ ਕੇ ਇਸ ਮੁਹਿੰਮ ਨੂੰ ਭਗਵੰਤ ਮਾਨ ਦੇ ਦਫ਼ਤਰ ਤੱਕ ਲੈ ਕੇ ਜਾਵੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ।