ਬਠਿੰਡਾ: ਇੱਥੇ ਫੇਜ਼-3 ਮਾਡਲ ਟਾਊਨ ’ਚ ਮੰਗਲਵਾਰ ਨੂੰ ਦਿਹਾੜੀ ’ਤੇ ਗਏ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਗਰੇਜ ਸਿੰਘ (28) ਪੁੱਤਰ ਗੁਰਨਾਮ ਸਿੰਘ, ਵਾਸੀ ਪਿੰਡ ਮੁਲਤਾਨੀਆ, ਜ਼ਿਲ੍ਹਾ ਬਠਿੰਡਾ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੇ ਚਾਚੇ ਦੇ ਪੁੱਤਰ ਅਨਮੋਲ ਸਿੰਘ ਨੇ ਦੱਸਿਆ ਕਿ ਅੰਗਰੇਜ ਸਿੰਘ ਨਸ਼ੇ ਦਾ ਆਦੀ ਸੀ। ਅਨਮੋਲ ਸਿੰਘ ਨੇ ਦੱਸਿਆ ਕਿ ਅੰਗਰੇਜ ਸਿੰਘ ਮੰਗਲਵਾਰ ਨੂੰ ਮਾਡਲ ਟਾਊਨ ਫੇਜ਼-3 ਨੇੜੇ ਇਕ ਕੋਠੀ ’ਚ ਦਿਹਾੜੀ ’ਤੇ ਕੰਮ ਕਰਨ ਗਿਆ ਸੀ।
ਜਿੱਥੇ ਦੁਪਹਿਰ ਦੇ ਸਮੇਂ ’ਚ ਅੰਗਰੇਜ ਅਚਾਨਕ ਬੇਹੋਸ਼ ਹੋ ਗਿਆ, ਜਿਸ ਠੇਕੇਦਾਰ ਕੋਲ ਅੰਗਰੇਜ ਕੰਮ ਕਰਦਾ ਸੀ, ਉਸ ਨੇ ਅੰਗਰੇਜ ਦੀ ਮਹਿਲਾ ਮਿੱਤਰ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਬੇਹੋਸ਼ ਹੋ ਗਿਆ ਹੈ। ਇਸ ਤੋਂ ਬਾਅਦ ਮਹਿਲਾ ਮਿੱਤਰ ਨੇ ਹੀ ਅੰਗਰੇਜ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਅਨਮੋਲ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ, ਤਾਂ ਅੰਗਰੇਜ ਸਿੰਘ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰ ਮ੍ਰਿਤਕ ਦੇ ਸਰੀਰ ਨੂੰ ਪਹਿਲਾਂ ਪਿੰਡ ਮੁਲਤਾਨੀਆ ਲੈ ਗਏ, ਫਿਰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਕੇ ਆਏ।