ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੀ ਜਲਦੀ ਹੀ ਗਠਿਤ ਹੋਣ ਵਾਲੀ ਮਹਿਲਾ ਬਟਾਲੀਅਨ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਕਮਾਂਡੋ ਦੇ ਰੂਪ ’ਚ ਵੀ.ਆਈ.ਪੀਜ਼ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਕੰਮ ਕਰੇਗੀ।
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵੀ.ਆਈ.ਪੀ.ਜ਼, ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ’ਤੇ ਬਲਾਂ ਦੀ ਵਧਦੀ ਤਾਇਨਾਤੀ ਦੇ ਮੱਦੇਨਜ਼ਰ ਸੀ.ਆਈ.ਐਸ.ਐਫ. ’ਚ 1,000 ਤੋਂ ਵੱਧ ਮੁਲਾਜ਼ਮਾਂ ਵਾਲੀ ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਨੂੰ ਪ੍ਰਵਾਨਗੀ ਦੇ ਦਿਤੀ ਹੈ।
ਸ਼ਾਹ ਨੇ ਕਿਹਾ, ‘‘ਰਾਸ਼ਟਰ ਨਿਰਮਾਣ ਦੇ ਸਾਰੇ ਖੇਤਰਾਂ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੇ ਮੋਦੀ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਇਕ ਮਜ਼ਬੂਤ ਕਦਮ ਚੁੱਕਦੇ ਹੋਏ ਮੋਦੀ ਸਰਕਾਰ ਨੇ ਸੀ.ਆਈ.ਐਸ.ਐਫ. ਦੀ ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਨੂੰ ਮਨਜ਼ੂਰੀ ਦੇ ਦਿਤੀ ਹੈ।’’
ਉਨ੍ਹਾਂ ਕਿਹਾ, ‘‘ਫੌਜ ਦੀ ਵਿਸ਼ੇਸ਼ ਟੁਕੜੀ ਵਜੋਂ ਸਥਾਪਿਤ ਕੀਤੀ ਜਾਣ ਵਾਲੀ ਮਹਿਲਾ ਬਟਾਲੀਅਨ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੇ ਦੇਸ਼ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਅਤੇ ਕਮਾਂਡੋ ਦੇ ਰੂਪ ਵਿਚ ਵੀ.ਆਈ.ਪੀ.ਜ਼ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੋਵੇਗੀ।’’