ਚੰਡੀਗੜ੍ਹ: ਪੰਚਾਇਤੀ ਚੋਣਾਂ ਨੂੰ ਲੈ ਕੇ ਸੱਦੀ ਗਈ ਭਾਜਪਾ ਦੀ ਮੀਟਿੰਗ ਵਿਚ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀ ਗੈਰ-ਮੌਜੂਦਗੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ। ਭਾਵੇਂ ਭਾਜਪਾ ਵੱਲੋਂ ਆਖਿਆ ਗਿਆ ਸੀ ਕਿ ਸੂਬੇ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਰੂਪ-ਰੇਖਾ ਨੂੰ ਲੈ ਕੇ ਇਹ ਮੀਟਿੰਗ ਬੁਲਾਈ ਗਈ ਹੈ ਪਰ ਸੂਤਰ ਦੱਸਦੇ ਹਨ ਕਿ ਭਾਜਪਾ ਨੇ ਸੂਬੇ ਦੀ ਸਥਿਤੀ ਨੂੰ ਕਾਬੂ ਕਰਨ ਲਈ ਇਹ ਮੀਟਿੰਗ ਸੱਦੀ ਸੀ। ਅਜਿਹਾ ਇਸ ਲਈ ਵੀ ਕਿਉਂਕਿ ਇਸ ਰਾਹੀਂ ਪੰਜਾਬ ਭਾਜਪਾ ਵਿਚ ਏਕੇ ਦਾ ਸਬੂਤ ਦਿੱਤਾ ਜਾ ਸਕੇ ਪਰ ਇਸ ਦੇ ਉਲਟ ਇਸ ਮੀਟਿੰਗ ਵਿਚ ਪੰਜਾਬ ਇੰਚਾਰਜ ਵਿਜੇ ਰੁਪਾਨੀ ਤੋਂ ਇਲਾਵਾ ਭਾਜਪਾ ਦੇ ਤਮਾਮ ਵੱਡੇ ਲੀਡਰ ਤਾਂ ਪਹੁੰਚੇ ਪਰ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਦਾਰਦ ਰਹੇ। ਹੁਣ ਸਵਾਲ ਇਹ ਉੱਠਦਾ ਹੈ ਕਿ ਜਾਖੜ ਪਾਰਟੀ ਤੋਂ ਨਾਰਾਜ਼ ਹਨ ਜਾਂ ਫਿਰ ਪਾਰਟੀ ਪ੍ਰਧਾਨ ਬਦਲਣ ਦੀਆਂ ਤਿਆਰੀਆਂ ਵਿਚ ਹੈ।