ਚੰਡੀਗੜ੍ਹ ਪਿਛਲੇ ਸਾਲ ਬ੍ਰਜਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਨੂੰ ਵੇਖਦੇ ਹੋਏ ਹਰਿਆਣਾ ਸਰਕਾਰ ਨੇ ਨੂਹ ’ਚ 24 ਘੰਟਿਆਂ ਲਈ ਇੰਟਰਨੈੱਟ ਅਤੇ ਬਲਕ ਐੱਸ. ਐੱਮ. ਐੱਸ. ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਹ ਬ੍ਰਜਮੰਡਲ ਸ਼ੋਭਾ ਯਾਤਰਾ ਸੋਮਵਾਰ ਨੂੰ ਨਿਕਲੇਗੀ। ਪਿਛਲੇ ਸਾਲ ਹੋਈ ਹਿੰਸਾ ਦੀ ਘਟਨਾ ਤੋਂ ਸਬਕ ਲੈਂਦੇ ਹੋਏ ਸੂਬਾ ਸਰਕਾਰ ਇਸ ਵਾਰ ਸਾਵਧਾਨੀ ਵਰਤ ਰਹੀ ਹੈ। ਬ੍ਰਜਮੰਡਲ ਯਾਤਰਾ ਨੂੰ ਵੇਖਦੇ ਹੋਏ ਪੁਲਸ ਅਤੇ ਨੀਮ ਫੌਜੀ ਬਲਾਂ ਨੇ ਮੋਰਚਾ ਸੰਭਾਲ ਲਿਆ ਹੈ।
ਨੂਹ ਤੋਂ ਇਲਾਵਾ ਗੁਰੂਗ੍ਰਾਮ, ਫਰੀਦਾਬਾਦ, ਪਲਵਲ ਜ਼ਿਲਿਆਂ ਨੂੰ ਅਲਰਟ ਕੀਤਾ ਗਿਆ ਹੈ। ਉਕਤ ਸਾਰੇ ਜ਼ਿਲਿਆਂ ਦੇ ਐਂਟਰੀ ਗੇਟਾਂ ’ਤੇ ਪੁਲਸ ਨਾਕੇ ਲਾਏ ਗਏ ਹਨ। ਵਾਹਨਾਂ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਹਥਿਆਰ, ਜਿਵੇਂ ਤਲਵਾਰ, ਬਰਛਾ, ਤ੍ਰਿਸ਼ੂਲ, ਚਾਕੂ, ਪਿਸਤੌਲ, ਹਾਕੀ, ਡੰਡਾ ਆਦਿ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦੀ ਇਕ-ਇਕ ਕੰਪਨੀ ਨੂੰ ‘ਸਟੈਂਡ ਬਾਏ’ ਰੱਖਿਆ ਗਿਆ ਹੈ।
ਹਰਿਆਣਾ ਦੇ ਗ੍ਰਹਿ ਸਕੱਤਰ ਅਨੁਰਾਗ ਰਸਤੋਗੀ ਨੇ ਐਤਵਾਰ ਨੂੰ ਇਕ ਹੁਕਮ ਜਾਰੀ ਕਰ ਕੇ ਨੂਹ ’ਚ 21 ਜੁਲਾਈ ਸ਼ਾਮ 6 ਤੋਂ 22 ਜੁਲਾਈ ਸ਼ਾਮ 6 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਮੀਟ, ਮਾਸ, ਮੱਛੀ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।