ਇੰਟਰਨੈਸ਼ਨਲ – ਆਸਟ੍ਰੇਲੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸ਼ਨੀਵਾਰ ਨੂੰ ਪਿਛਲੇ ਕਰੀਬ 6 ਸਾਲ ਤੋਂ ਪਾਰਟਨਰ ਜੋਡੀ ਹੇਡਨ ਨਾਲ ਵਿਆਹ ਕਰਵਾ ਲਿਆ ਹੈ। ਇਸ ਇਤਿਹਾਸਕ ਪਲ ਨਾਲ, ਅਲਬਾਨੀਜ਼ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਨ੍ਹਾਂ ਨੇ ਅਹੁਦੇ ‘ਤੇ ਰਹਿੰਦਿਆਂ ਵਿਆਹ ਕੀਤਾ ਹੈ।
62 ਸਾਲਾ ਅਲਬਾਨੀਜ਼ ਨੇ 46 ਸਾਲਾ ਫਾਈਨਾਂਸ ਕਰਮਚਾਰੀ ਹੇਡਨ ਨਾਲ ਕੈਨਬਰਾ ਵਿੱਚ ਆਪਣੀ ਸਰਕਾਰੀ ਰਿਹਾਇਸ਼ ਦਿ ਲੌਜ ਦੇ ਬਗੀਚੇ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ। ਇਹ ਸਮਾਰੋਹ 2025 ਲਈ ਆਸਟ੍ਰੇਲੀਆਈ ਸੰਸਦ ਦੇ ਆਖਰੀ ਸੈਸ਼ਨ ਵਾਲੇ ਦਿਨ ਤੋਂ ਬਾਅਦ ਹੋਇਆ।
ਇਹ ਵਿਆਹ ਕਾਫ਼ੀ ਨਿੱਜੀ ਤਰੀਕੇ ਨਾਲ ਹੋਇਆ, ਜਿਸ ਵਿੱਚ ਸਿਰਫ਼ ਪਰਿਵਾਰ ਅਤੇ ਨਜ਼ਦੀਕੀ ਦੋਸਤ ਸ਼ਾਮਲ ਹੋਏ। ਮਹਿਮਾਨਾਂ ਵਿੱਚ ਅਲਬਾਨੀਜ਼ ਦਾ ਪੁੱਤਰ ਨਾਥਨ ਅਤੇ ਹੇਡਨ ਦੇ ਮਾਤਾ-ਪਿਤਾ ਬਿੱਲ ਅਤੇ ਪੌਲੀਨ ਸ਼ਾਮਲ ਸਨ।
ਵਿਆਹ ਤੋਂ ਬਾਅਦ ਅਲਬਾਨੀਜ਼ ਅਤੇ ਹੇਡਨ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਕਿਹਾ, “ਅਸੀਂ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੇ ਸਾਹਮਣੇ ਆਪਣੇ ਪਿਆਰ ਅਤੇ ਭਵਿੱਖ ਦੀ ਜ਼ਿੰਦਗੀ ਇਕੱਠੇ ਬਿਤਾਉਣ ਦੀ ਆਪਣੀ ਵਚਨਬੱਧਤਾ ਨੂੰ ਜ਼ਾਹਿਰ ਕਰ ਕੇ ਬਹੁਤ ਖੁਸ਼ ਹਾਂ।” ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਦੇ ਨਾਲ ਇੱਕ ਸ਼ਬਦ ਵਾਲੀ ਪੋਸਟ ਵਿੱਚ “Married” ਲਿਖਿਆ।

