ਸਿਰਸਾ- ਹਰਿਆਣਾ ਦੀ ਸਿੱਖ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC) ਦੀਆਂ ਬੀਤੀ ਦਿਨੀਂ ਚੋਣਾਂ ਹੋਈਆਂ। HSGMC ਦੀਆਂ ਚੋਣਾਂ ਵਿਚ ਜਿੱਤ ਦਰਜ ਕਰਨ ਮਗਰੋਂ ਜਗਦੀਸ਼ ਝੀਂਡਾ ਨੇ ਕਮੇਟੀ ਬਣਨ ਤੋਂ ਪਹਿਲਾਂ ਹੀ ਮੈਦਾਨ ਛੱਡ ਦਿੱਤਾ ਹੈ। ਜਗਦੀਸ਼ ਝੀਂਡਾ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਹ ਅਸੰਧ ਸੀਟ ਤੋਂ ਅਸਤੀਫ਼ਾ ਦੇਣਗੇ। ਦੱਸ ਦੇਈਏ ਕਿ ਝੀਂਡਾ ਨੇ 1900 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਝੀਂਡਾ ਨੇ ਆਪਣੇ ਫ਼ੈਸਲੇ ਦੇ ਪਿੱਛੇ ਕਾਰਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਗਰੁੱਪ ਤੋਂ 21 ਉਮੀਦਵਾਰ ਮੈਦਾਨ ਵਿਚ ਉਤਰੇ ਸਨ ਪਰ ਸਿਰਫ਼ 9 ਹੀ ਜਿੱਤ ਦਰਜ ਕਰ ਸਕੇ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸੰਗਤ ਨੇ ਉਨ੍ਹਾਂ ਦੇ ਸੰਘਰਸ਼ ਨੂੰ ਉਮੀਦ ਮੁਤਾਬਕ ਸਮਰਥਨ ਨਹੀਂ ਦਿੱਤਾ, ਜਿਸ ਕਾਰਨ ਉਹ ਖ਼ੁਦ ਨੂੰ ਇਸ ਅਹੁਦੇ ਦੇ ਕਾਬਿਲ ਨਹੀਂ ਮੰਨਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਜਿੱਤੇ ਹੋਏ 9 ਮੈਂਬਰ ਹੁਣ ਆਪਣਾ ਫ਼ੈਸਲਾ ਖ਼ੁਦ ਲੈਣਗੇ। ਉਨ੍ਹਾਂ ਨੇ ਪੰਥਕ ਦਲ ਦੇ ਬੈਨਰ ਹੇਠ ਚੋਣ ਜਿੱਤੀ ਸੀ।
ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਉਣਗੇ। ਉਹ ਆਪਣਾ ਅਸਤੀਫ਼ਾ ਹਰਿਆਣਾ ਸਿੱਖ ਗੁਰਦੁਆਰਾ ਕਮਿਸ਼ਨ ਨੂੰ ਭੇਜਣ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੋਲ ਜਾਣਗੇ ਅਤੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰਨਗੇ।