ਅੰਮ੍ਰਿਤਸਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨ ਲਈ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਨਿਸਟਰੀ ਵੱਲੋਂ ਜਾਣਕਾਰੀ ਮਿਲੀ ਹੈ ਕਿ ਰਾਤ 10 ਵਜੇ ਤੱਕ ਜਹਾਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਇਸ ਜਹਾਜ਼ ‘ਚ ਕੁਲ 67 ਪੰਜਾਬੀ ਹਨ। ਇਸ ਵਾਰ ਜਹਾਜ਼ ਪਿੱਛੇ ਨਹੀਂ ਟਰਮੀਨਲ ‘ਤੇ ਆਵੇਗਾ।
ਮੁੱਖ ਮੰਤਰੀ ਨੇ ਕਿਹਾ 119 ਲੋਕਾਂ ‘ਚੋਂ ਕਈਆਂ ਲੋਕਾਂ ਦੇ ਘਰ ਦੇ ਉਨ੍ਹਾਂ ਨੂੰ ਲੈਣ ਲਈ ਆਏ ਹੋਣਗੇ ਅਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਦੇ ਡਿਪੋਰਟਰਾਂ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਧਰਤੀ ਹੈ, ਜਿੱਥੇ 1 ਲੱਖ ਲੋਕ ਰੋਜ਼ ਲੰਗਰ ਛੱਕਦੇ ਹਨ। ਇੱਥੋਂ ਕੋਈ ਵੀ ਵਿਅਕਤੀ ਭੁੱਖਾ ਨਹੀਂ ਜਾਣਾ ਚਾਹੀਦਾ।
ਮੁੱਖ ਮੰਤਰੀ ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਅੰਮ੍ਰਿਤਸਰ ਨੂੰ ਹੀ ਹਵਾਈ ਜਹਾਜ਼ ਲੈਂਡ ਕਰਨ ਲਈ ਕਿਉਂ ਚੁਣਿਆ ਗਿਆ ਹੈ। ਉਨ੍ਹਾਂ ਕਿ ਜੇਕਰ ਅਮਰੀਕਾ ਦੀ ਫਲਾਈਟ ਲਈ ਦਿੱਲੀ ਜਾਣਾ ਪੈਂਦਾ ਹੈ ਤਾਂ ਅੰਮ੍ਰਿਤਸਰ ਤੋਂ ਕੇਂਦਰ ਸਰਕਾਰ ਸਿੱਧੀ ਅਮਰੀਕਾ ਦੀ ਫਲਾਈਟ ਕਿਉਂ ਨਹੀਂ ਸ਼ੁਰੂ ਕਰ ਦਿੰਦੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਹਨ ਫਿਰ ਅਮਰੀਕਾ ਦਾ ਜਹਾਜ਼ ਹੀ ਕਿਉਂ ਭਾਰਤ ਆ ਰਿਹਾ ਹੈ। ਸਾਡਾ ਜਹਾਜ਼ ਵੀ ਅਮਰੀਕਾ ਜਾ ਸਕਦਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੇ ਡਿਪੋਰਟਰ ਆ ਰਹੇ ਹਨ ਉਨ੍ਹਾਂ ਨਾਲ ਚੰਗਾ ਸਲੂਕ ਕੀਤਾ ਜਾਵੇਗਾ ਅਤੇ ਏਜੰਟਾਂ ਬਾਰੇ ਪਤਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਧੋਖੇਬਾਜ਼ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।