ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦਾ ਤਿੰਨ ਦਿਨ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 27 ਸਾਲ ਬਾਅਦ ਸਦਨ ਵਿਚ ਸੱਤਾਪੱਖ ਵਿਚ ਭਾਜਪਾ ਬੈਠੇਗੀ। ਵਿਧਾਨ ਸਭਾ ਵਿਚ ਬਦਲਿਆ-ਬਦਲਿਆ ਸੀਨ ਹੋਵੇਗਾ ਕਿਉਂਕਿ ਰਾਜਧਾਨੀ ਵਿਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਇਹ ਪਹਿਲਾ ਸੈਸ਼ਨ ਹੋਣ ਵਾਲਾ ਹੈ। ਸੈਸ਼ਨ ਇਸ ਲਈ ਵੀ ਦਿਲਚਸਪ ਹੋਣ ਦੀ ਉਮੀਦ ਹੈ, ਕਿਉਂਕਿ ਪੂਰੇ ਇਕ ਦਹਾਕੇ ਤੱਕ ਦਿੱਲੀ ਦੀ ਸੱਤਾ ‘ਤੇ ਕਾਬਜ਼ ਰਹਿਣ ਵਾਲੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿਚ ਬੈਠਣ ਜਾ ਰਹੀ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿਚ ਆਤਿਸ਼ੀ ਨੂੰ ਵਿਰੋਧੀ ਧਿਰ ਦੀ ਨੇਤਾ ਚੁਣਿਆ ਹੈ।
ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਦੇ ਨਵੇਂ ਚੁਣੇ 70 ਮੈਂਬਰ ਸਹੁੰ ਚੁੱਕਣਗੇ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਹੋਵੇਗੀ। ਵਿਜੇਂਦਰ ਗੁਪਤਾ ਨੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਦੂਜੇ ਦਿਨ ਯਾਨੀ 25 ਫਰਵਰੀ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਦੇ ਸੰਬੋਧਨ ਤੋਂ ਬਾਅਦ ਪਿਛਲੀ ‘ਆਪ’ ਸਰਕਾਰ ਦੀਆਂ ਪੈਂਡਿੰਗ 14 ਕੈਗ ਰਿਪੋਰਟਾਂ ਸਦਨ ‘ਚ ਪੇਸ਼ ਕੀਤੀਆਂ ਜਾਣਗੀਆਂ। ਸਦਨ ਨੂੰ ਚਲਾਉਣ ਲਈ ਗਾਂਧੀ ਨਗਰ ਦੇ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ।
ਵਿਧਾਨ ਸਭਾ ਦੇ ਨਵੇਂ ਕਾਰਜਕਾਲ ਦਾ ਪਹਿਲਾ ਸੈਸ਼ਨ ਅੱਜ 24 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਪ੍ਰੋਟੈਮ ਸਪੀਕਰ ਅਰਵਿੰਦਰ ਸਿੰਘ ਲਵਲੀ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ।