ਨਵੀਂ ਦਿੱਲੀ- ਬੈਂਕਾਕ ਤੋਂ ਸਥਾਨਕ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 6 ਕਰੋੜ ਰੁਪਏ ਦਾ ਹੀਰਿਆਂ ਨਾਲ ਜੜਿਆ ਸੋਨੇ ਦਾ ਹਾਰ ਬਰਾਮਦ ਕੀਤਾ ਗਿਆ।ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਕਸਟਮ ਅਧਿਕਾਰੀਆਂ ਨੇ 12 ਫਰਵਰੀ ਨੂੰ ਬੈਂਕਾਕ ਤੋਂ ਇੱਥੇ ਪਹੁੰਚੇ ਉਕਤ ਭਾਰਤੀ ਮੁਸਾਫਰ ਵਿਰੁੱਧ ਸਮੱਗਲਿੰਗ ਦਾ ਮਾਮਲਾ ਦਰਜ ਕੀਤਾ।
ਦਿੱਲੀ ਕਸਟਮ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ 40 ਗ੍ਰਾਮ ਭਾਰ ਵਾਲਾ ਹਾਰ ਮੁਸਾਫਰ ਦੇ ਸਾਮਾਨ ਦੀ ਜਾਂਚ ਤੇ ਤਲਾਸ਼ੀ ਤੋਂ ਬਾਅਦ ਬਰਾਮਦ ਕੀਤਾ ਗਿਆ। ਬਰਾਮਦ ਕੀਤਾ ਗਿਆ ਹਾਰ ਕਸਟਮ ਐਕਟ 1962 ਦੀ ਧਾਰਾ 110 ਅਧੀਨ ਜ਼ਬਤ ਕਰ ਲਿਆ ਗਿਆ। ਮੁਸਾਫਰ ਨੂੰ ਇਸ ਐਕਟ ਦੀ ਧਾਰਾ 104 ਅਧੀਨ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਘਟਨਾ ’ਚ ਕਸਟਮ ਵਿਭਾਗ ਨੇ ਐਤਵਾਰ ਬੈਂਕਾਕ ਤੋਂ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ ਤਿੰਨ ਮੁਸਾਫਰਾਂ ਕੋਲੋਂ ਵੱਡੀ ਗਿਣਤੀ ’ਚ ਦੁਰਲੱਭ ਜੰਗਲੀ ਜੀਵ ਬਰਾਮਦ ਕੀਤੇ।