ਪ੍ਰਯਾਗਰਾਜ- ਪ੍ਰਯਾਗਰਾਜ ‘ਚ ਆਯੋਜਿਤ ਮਹਾਕੁੰਭ ਨਾ ਸਿਰਫ਼ ਧਰਮ ਅਤੇ ਅਧਿਆਤਮ ਦਾ ਕੇਂਦਰ ਬਣਿਆ ਸਗੋਂ ਇਹ ਕਈ ਲੋਕਾਂ ਲਈ ਆਰਥਿਕ ਤਰੱਕੀ ਦਾ ਵੀ ਮੌਕਾ ਲੈ ਕੇ ਆਇਆ। ਇਕ ਮਲਾਹ ਪਰਿਵਾਰ ਮਹਾਕੁੰਭ ‘ਚ ਕਮਾਈ ਨੂੰ ਲੈ ਕੇ ਚਰਚਾ ਬਣਿਆ ਹੋਇਆ ਹੈ, ਕਿਉਂਕਿ ਇਸ ਪਰਿਵਾਰ ਨੇ ਮੇਲੇ ਦੌਰਾਨ ਪੂਰੇ 45 ਦਿਨਾਂ ‘ਚ 30 ਕਰੋੜ ਰੁਪਏ ਦੀ ਕਮਾਈ ਸਿਰਫ਼ ਕਿਸ਼ਤੀ ਚਲਾ ਕੇ ਕੀਤੀ। ਜਿਸ ਦੀ ਚਰਚਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਕਰ ਰਹੇ ਹਨ। ਮਲਾਹ ਦਾ ਇਹ ਮਹਿਰਾ ਪਰਿਵਾਰ ਪ੍ਰਯਾਗਰਾਜ ਦੇ ਨੈਨੀ ਦੇ ਅਰੈਲ ਦਾ ਰਹਿਣ ਵਾਲਾ ਹੈ। ਇਸ ਪਰਿਵਾਰ ਦਾ ਮੁੱਖ ਕਾਰੋਬਾਰ ਕਿਸ਼ਤੀ ਚਲਾਉਣਾ ਹੈ। ਮਹਾਕੁੰਭ ਤੋਂ ਬਾਅਦ ਇਸ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਇਕ-ਦੂਜੇ ਨੂੰ ਮਠਿਆਈ ਖੁਆਈ ਜਾ ਰਹੀ ਹੈ। ਇਸ ਖੁਸ਼ੀ ਦਾ ਕਾਰਨ ਹੈ ਕਿ ਇਨ੍ਹਾਂ ਦੀ ਮਹਾਕੁੰਭ ਦੀ ਕਮਾਈ ਦੀ ਚਰਚਾ ਵਿਧਾਨ ਸਭਾ ‘ਚ ਮੁੱਖ ਮੰਤਰੀ ਯੋਗੀ ਖੁਦ ਕਰ ਰਹੇ ਹਨ।
ਮਹਾਕੁੰਭ ‘ਚ ਕਰੀਬ 66 ਕਰੋੜ ਸ਼ਰਧਾਲੂਆਂ ਨੇ ਆਸਥਾ ਦੀ ਡੁਬਕੀ ਲਗਾਈ ਸੀ। ਜਿਸ ਕਾਰਨ ਪੂਰੇ 45 ਦਿਨ ਇਸ ਪਰਿਵਾਰ ਨੂੰ ਕੰਮ ਮਿਲਿਆ ਅਤੇ ਇਕ ਵੀ ਦਿਨ ਇਨ੍ਹਾਂ ਦੀ ਕਿਸ਼ਤੀ ਖਆਲੀ ਨਹੀਂ ਰਹੀ। ਇਸ ਪਰਿਵਾਰ ‘ਚ 100 ਤੋਂ ਵੱਧ ਕਿਸ਼ਤੀਆਂ ਹਨ ਅਤੇ ਹਰ ਕਿਸ਼ਤੀ 7 ਤੋਂ 10 ਲੱਖ ਦਾ ਕਾਰੋਬਾਰ ਹੋਇਆ। ਜੇਕਰ ਕੁੱਲ ਰਕਮ ਜੋੜੀ ਜਾਵੇ ਤਾਂ ਕਰੀਬ 30 ਕਰੋੜ ਦੇ ਨੇੜੇ-ਤੇੜੇ ਹੁੰਦੀ ਹੈ। ਅਜਿਹੇ ‘ਚ ਪੂਰੇ ਪਰਿਵਾਰ ਨੇ ਕਰੀਬ 30 ਕਰੋੜ ਰੁਪਏ ਦੀ ਕਮਾਈ ਕੀਤੀ। ਮਹਿਰਾ ਪਰਿਵਾਰ ‘ਚ 500 ਤੋਂ ਵੱਧ ਮੈਂਬਰ ਕਿਸ਼ਤੀ ਚਲਵਾਉਣ ਦਾ ਹੀ ਕਾਰੋਬਾਰ ਕਰਦੇ ਹਨ। ਇਨ੍ਹਾਂ ‘ਚੋਂ 100 ਤੋਂ ਵੱਧ ਕਿਸ਼ਤੀਆਂ ਹਨ ਅਤੇ ਨੇੜੇ-ਤੇੜੇ ਦੇ ਇਲਾਕਿਆਂ ਤੋਂ ਵੀ ਇਨ੍ਹਾਂ ਲੋਕਾਂ ਨੇ ਕਿਸ਼ਤੀਆਂ ਮੰਗਵਾ ਕੇ ਚਲਵਾਈਆਂ ਅਤੇ ਲੋਕਾਂ ਨੂੰ ਇਸ਼ਨਾਨ ਕਰਵਾਉਣ ਲਿਜਾਂਦੇ ਸਨ। ਇਸ ਮਲਾਹ ਪਰਿਵਾਰ ਦੇ ਲੋਕ ਹੁਣ ਯੋਗੀ ਅਤੇ ਨਰਿੰਦਰ ਮੋਦੀ ਦਾ ਧੰਨਵਾਦ ਕਰ ਰਹੇ ਹਨ।