ਨੈਸ਼ਨਲ : ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਤੋਂ ਇਸ ਸਮੇਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸੜਕ ਕਿਨਾਰੇ ਇੱਕ ਜ਼ਖਮੀ ਬਾਈਕ ਸਵਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਇਕ ਤੇਜ਼ ਰਫ਼ਤਾਰ ਨਾਲ ਆਈ ਕਾਰ ਨੇ ਦਰੜ੍ਹ ਦਿੱਤਾ। ਇਸ ਘਟਨਾ ਦੌਰਾਨ 8 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਹੋਰ ਜ਼ਖਮੀ ਵੀ ਹੋਏ ਹਨ। ਇਸ ਘਟਨਾ ਦੀ ਜਾਣਕਾਰੀ ਸੋਮਵਾਰ ਨੂੰ ਪੁਲਸ ਵਲੋਂ ਦਿੱਤੀ ਗਈ।
ਪੁਲਸ ਅਨੁਸਾਰ ਇਹ ਘਟਨਾ ਐਤਵਾਰ ਰਾਤ 11:30 ਵਜੇ ਦੇ ਕਰੀਬ ਜਲਾਲਪੁਰ ਕੋਤਵਾਲੀ ਖੇਤਰ ਵਿੱਚ ਜਲਾਲਪੁਰ-ਅਕਬਰਪੁਰ ਸੜਕ ‘ਤੇ ਅਸ਼ਰਫਪੁਰ ਭੂਆ ਪਿੰਡ ਨੇੜੇ ਵਾਪਰੀ ਹੈ। ਵਧੀਕ ਪੁਲਸ ਸੁਪਰਡੈਂਟ (ਪੂਰਬੀ) ਤੇਜਵੀਰ ਸਿੰਘ ਨੇ ਦੱਸਿਆ ਕਿ ਦੋ ਮੋਟਰਸਾਈਕਲਾਂ ਵਿਚਕਾਰ ਟੱਕਰ ਵਿੱਚ ਦੋ ਲੋਕ ਜ਼ਖਮੀ ਹੋ ਗਏ ਸਨ ਅਤੇ ਸਥਾਨਕ ਲੋਕ ਉਨ੍ਹਾਂ ਦੀ ਮਦਦ ਲਈ ਮੌਕੇ ‘ਤੇ ਇਕੱਠੇ ਹੋ ਗਏ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਭੀੜ ਨੂੰ ਕੁਚਲ ਗਈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਛੇ ਨੂੰ ਮ੍ਰਿਤਕ ਐਲਾਨ ਦਿੱਤਾ।

