ਤਲਵੰਡੀ ਸਾਬੋ : ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਜੋੜ ਮੇਲੇ ਦੇ ਆਖ਼ਰੀ ਦਿਨ ਵਾਪਰੇ ਇਕ ਦਰਦਨਾਕ ਹਾਦਸੇ ’ਚ ਅੰਮ੍ਰਿਤਧਾਰੀ ਬੱਚੇ ਦੀ ਸਰੋਵਰ ’ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚਾ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਤਖਤ ਸਾਹਿਬ ਨੇੜੇ ਬਣੇ ਪਾਵਨ ਸਰੋਵਰ ’ਚ ਇਸ਼ਨਾਨ ਕਰਨ ਦੌਰਾਨ ਇਕ ਬੱਚੇ ਦੇ ਡੁੱਬਣ ਦੀ ਘਟਨਾ ਸਾਹਮਣੇ ਆਈ।ਕੁੱਝ ਵਿਅਕਤੀਆਂ ਨੇ ਬੱਚੇ ਨੂੰ ਸਰੋਵਰ ’ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਜਸਕੀਰਤ ਸਿੰਘ (13) ਪੁੱਤਰ ਸੁਖਪਾਲ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਬੱਚਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮੁੱਖ ਸੇਵਾਦਾਰ ਭਾਈ ਸੁਖਪਾਲ ਸਿੰਘ ਦਾ ਇਕਲੌਤਾ ਪੁੱਤ ਸੀ। ਪੁਲਸ ਅਧਿਕਾਰੀਆਂ ਮੁਤਾਬਕ ਕਾਨੂੰਨੀ ਪ੍ਰਕਿਰਿਆ ਉਪਰੰਤ ਬੱਚੇ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।