ਚੰਡੀਗੜ੍ਹ: ਹਵਾਈ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਏਅਰ ਇੰਡੀਆ ਤੇ ਇੰਡੀਗੋ ਨੇ ਅੱਜ ਵਈ ਕਈ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਜੇਕਰ ਤੁਸੀਂ ਅੱਜ ਹਵਾਈ ਸਫ਼ਰ ‘ਤੇ ਜਾਣ ਵਾਲੇ ਸੀ ਤਾਂ ਇਕ ਵਾਰ ਆਪਣੀ ਫ਼ਲਾਈਟ ਦਾ ਸਟੇਟਸ ਚੈੱਕ ਕਰ ਕੇ ਹੀ ਘਰੋਂ ਬਾਹਰ ਨਿਕਲੋ।
ਇੰਡੀਗੋ ਨੇ ਅੱਜ ਯਾਨੀ 13 ਮਈ ਲਈ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਅਤੇ ਰਾਜਕੋਟ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਸੋਮਵਾਰ ਰਾਤ 11.38 ਵਜੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ, “ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਅਤੇ ਤੁਹਾਡੀ ਸੁਰੱਖਿਆ ਨੂੰ ਸਾਡੀ ਪਹਿਲੀ ਤਰਜੀਹ ਮੰਨਦੇ ਹੋਏ ਜੰਮੂ, ਅੰਮ੍ਰਿਤਸਰ, ਚੰਡੀਗੜ੍ਹ, ਲੇਹ, ਸ੍ਰੀਨਗਰ ਅਤੇ ਰਾਜਕੋਟ ਲਈ ਅਤੇ ਆਉਣ ਵਾਲੀਆਂ ਉਡਾਣਾਂ 13 ਮਈ 2025 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਏਅਰਲਾਈਨ ਨੇ ਇਹ ਵੀ ਕਿਹਾ ਕਿ ਉਸ ਦੀਆਂ ਟੀਮਾਂ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੀਆਂ ਹਨ। ਇਹ 6 ਹਵਾਈ ਅੱਡੇ ਉਨ੍ਹਾਂ ਵਿਚੋਂ ਹਨ ਜੋ ਸੋਮਵਾਰ ਨੂੰ ਨਾਗਰਿਕ ਉਡਾਣਾਂ ਲਈ ਦੁਬਾਰਾ ਖੋਲ੍ਹੇ ਗਏ ਸਨ, ਪਰ ਰਾਤ ਵੇਲੇ ਹੋਏ ਘਟਨਾਕ੍ਰਮ ਤੋਂ ਬਾਅਦ ਇਕ ਵਾਰ ਮੁੜ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸੂਤਰਾਂ ਅਨੁਸਾਰ, ਅੰਮ੍ਰਿਤਸਰ ਵਿਚ ‘ਬਲੈਕਆਊਟ’ ਕਾਰਨ ਸੋਮਵਾਰ ਸ਼ਾਮ ਨੂੰ ਅੰਮ੍ਰਿਤਸਰ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ ਰਾਸ਼ਟਰੀ ਰਾਜਧਾਨੀ ਵਾਪਸ ਆ ਗਈ ਸੀ।