ਨੈਸ਼ਨਲ – ਦੇਸ਼ ਦੇ ਉੱਤਰ-ਪੂਰਬੀ ਇਲਾਕੇ ‘ਚ ਮੌਸਮ ਰੱਜ ਕੇ ਕਹਿਰ ਵਰ੍ਹਾ ਰਿਹਾ ਹੈ। ਇਸੇ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੱਖਣੀ ਮਿਜ਼ੋਰਮ ਦੇ ਲੌਂਗਟਲਾਈ ਕਸਬੇ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕ ਗਈ ਤੇ ਇਸ ਕਾਰਨ ਪੰਜ ਘਰ ਅਤੇ ਇੱਕ ਹੋਟਲ ਢਹਿ-ਢੇਰੀ ਹੋ ਗਿਆ। ਇਸ ਹਾਦਸੇ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 10.30 ਵਜੇ ਦੇ ਕਰੀਬ ਲੌਂਗਟਲਾਈ ਦੇ ਬਾਜ਼ਾਰ ਵੇਂਗ ਅਤੇ ਚਾਂਦਮਾਰੀ ਖੇਤਰਾਂ ਵਿੱਚ ਜ਼ਮੀਨ ਖਿਸਕਣ ਕਾਰਨ ਘਰ ਅਤੇ ਹੋਟਲ ਢਹਿ ਗਏ। ਉਨ੍ਹਾਂ ਕਿਹਾ ਕਿ ਹੋਟਲ ਵਿੱਚ ਰਹਿ ਰਹੇ ਕਈ ਮਿਆਂਮਾਰ ਵਾਸੀਆਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ।
ਅਧਿਕਾਰੀਆਂ ਨੇ ਅੱਗੇ ਕਿਹਾ ਕਿ ਲੌਂਗਟਲਾਈ ਜ਼ਿਲ੍ਹੇ ਦੇ ਸਭ ਤੋਂ ਵੱਡੇ ਸਿਵਲ ਸੋਸਾਇਟੀ ਸੰਗਠਨ, ਯੰਗ ਲਾਈ ਐਸੋਸੀਏਸ਼ਨ (ਵਾਈ.ਐੱਲ.ਏ.) ਦੇ ਵਲੰਟੀਅਰ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਆਰ.ਡੀ.ਐੱਫ.) ਅਤੇ ਤੀਜੀ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਕਰਮਚਾਰੀਆਂ ਦੇ ਨਾਲ ਬਚਾਅ ਕਾਰਜ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਘਟਨਾ ਬਾਰੇ ਪੂਰੀ ਜਾਣਕਾਰੀ ਫਿਲਹਾਲ ਉਪਲਬਧ ਨਹੀਂ ਹੈ।
ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਸੂਬੇ ਵਿੱਚ ਸ਼ੁੱਕਰਵਾਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਚੱਟਾਨਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।