ਇੰਟਰਨੈਸ਼ਨਲ – ਰੂਸ ਦੇ ਕੈਮਚੈਟਕਾ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਜਿਸ ਦੀ ਤੀਬਰਤਾ 8.8 ਮਾਪੀ ਗਈ। ਕੈਮਚੈਟਕਾ ਰੂਸ ਦਾ ਦੂਰ ਪੂਰਬੀ ਖੇਤਰ ਹੈ, ਜੋ ਪ੍ਰਸ਼ਾਂਤ ਮਹਾਸਾਗਰ ਵੱਲ ਖੁੱਲ੍ਹਦਾ ਹੈ। ਹੁਣ ਭੂਚਾਲ ਤੋਂ ਬਾਅਦ ਉੱਥੇ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਹੈ। ਰੂਸ ਦੇ ਨਾਲ-ਨਾਲ ਜਾਪਾਨ ਅਤੇ ਅਮਰੀਕੀ ਏਜੰਸੀਆਂ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਰੂਸ ਦੇ ਕੈਮਚੈਟਕਾ ਵਿੱਚ 10 ਤੋਂ 15 ਫ਼ੁੱਟ ਦੀਆਂ ਸਮੁੰਦਰੀ ਲਹਿਰਾਂ ਉੱਠਦੀਆਂ ਵੇਖੀਆਂ ਗਈਆਂ ਹਨ। ਰੂਸ ਦੇ ਐਮਰਜੈਂਸੀ ਮੰਤਰਾਲੇ ਮੁਤਾਬਕ ਸੁਨਾਮੀ ਦੀਆਂ ਲਹਿਰਾਂ ਨਾਲ ਰੂਸੀ ਬੰਦਰਗਾਹੀ ਸ਼ਹਿਰ ਸੇਵੇਰੋ-ਕੁਰਿਲਸਕ ਦੇ ਇੱਕ ਹਿੱਸੇ ਵਿੱਚ ਹੜ੍ਹ ਆ ਗਏ ਹਨ।
8.8 ਤੀਬਰਤਾ ਵਾਲੇ ਭੂਚਾਲ ਕਾਰਨ ਹੋਈ ਤਬਾਹੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਕਿਤੇ ਇਮਾਰਤਾਂ ਢਹਿ ਗਈਆਂ ਹਨ ਅਤੇ ਕਿਤੇ ਟਾਪੂਆਂ ਨਾਲ ਟਕਰਾ ਰਹੀਆਂ ਸੁਨਾਮੀ ਲਹਿਰਾਂ ਦੇਖੀਆਂ ਜਾ ਸਕਦੀਆਂ ਹਨ। ਭੂਚਾਲ ਤੋਂ ਬਾਅਦ ਰੂਸ ਦੇ ਕੁਰੀਲ ਟਾਪੂਆਂ ਅਤੇ ਜਾਪਾਨ ਦੇ ਵੱਡੇ ਉੱਤਰੀ ਟਾਪੂ ਹੋਕਾਈਡੋ ਦੇ ਤੱਟਵਰਤੀ ਖੇਤਰਾਂ ਵਿੱਚ ਸੁਨਾਮੀ ਆਈ। ਰੂਸ ਵਿੱਚ ਇੱਕ ਕਿੰਡਰਗਾਰਟਨ ਦੀ ਕੰਧ ਢਹਿ ਗਈ ਹੈ। ਖੁਸ਼ਕਿਸਮਤੀ ਨਾਲ ਅੰਦਰ ਕੋਈ ਬੱਚੇ ਨਹੀਂ ਸਨ, ਹਰ ਕੋਈ ਸਮੇਂ ਸਿਰ ਬਾਹਰ ਆ ਗਿਆ ਸੀ। ਇਸ ਦੇ ਨਾਲ ਹੀ ਜਾਪਾਨ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੋਨੋਲੂਲੂ ਵਿੱਚ ਸੁਨਾਮੀ ਚਿਤਾਵਨੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਸੀ। ਰੂਸ ਦਾ ਕਹਿਣਾ ਹੈ ਕਿ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।