ਵੈੱਬ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਅਮਰੀਕਾ ਅਤੇ ਜਾਪਾਨ ਵਿਚਕਾਰ ਨਵੇਂ ਵਪਾਰ ਸਮਝੌਤੇ ਨੂੰ ਲਾਗੂ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਟਰੰਪ ਨੇ ਇਸਨੂੰ ‘ਅਮਰੀਕਾ-ਜਾਪਾਨ ਵਪਾਰਕ ਸਬੰਧਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ’ ਕਿਹਾ। ਇਸ ਆਦੇਸ਼ ਦੇ ਅਨੁਸਾਰ, ਹੁਣ ਜਾਪਾਨ ਤੋਂ ਅਮਰੀਕਾ ਆਉਣ ਵਾਲੇ ਲਗਭਗ ਸਾਰੇ ਸਮਾਨ ‘ਤੇ 15 ਫੀਸਦੀ ਦਾ ਬੇਸਲਾਈਨ ਟੈਰਿਫ ਲਗਾਇਆ ਜਾਵੇਗਾ। ਹਾਲਾਂਕਿ, ਕੁਝ ਖੇਤਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਆਟੋਮੋਬਾਈਲ ਅਤੇ ਆਟੋ ਪਾਰਟਸ, ਏਰੋਸਪੇਸ ਉਤਪਾਦ, ਜੈਨਰਿਕ ਦਵਾਈਆਂ ਅਤੇ ਕੁਦਰਤੀ ਸਰੋਤ ਸ਼ਾਮਲ ਹਨ ਜੋ ਅਮਰੀਕਾ ‘ਚ ਉਪਲਬਧ ਨਹੀਂ ਹਨ। ਸ਼ੁਰੂ ਵਿੱਚ, ਟਰੰਪ ਪ੍ਰਸ਼ਾਸਨ ਨੇ ਜਾਪਾਨ ਅਤੇ ਦੱਖਣੀ ਕੋਰੀਆ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ, ਪਰ ਗੱਲਬਾਤ ਫਸ ਗਈ ਸੀ। ਲੰਬੀ ਚਰਚਾ ਤੋਂ ਬਾਅਦ, ਹੁਣ 15 ਫੀਸਦੀ ਬੇਸਲਾਈਨ ਟੈਰਿਫ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਵ੍ਹਾਈਟ ਹਾਊਸ ਦਾ ਬਿਆਨ
ਵ੍ਹਾਈਟ ਹਾਊਸ ਨੇ ਕਿਹਾ, ‘ਇਸ ਸਮਝੌਤੇ ਦਾ ਢਾਂਚਾ ਪਰਸਪਰਤਾ ਅਤੇ ਸਾਂਝੇ ਰਾਸ਼ਟਰੀ ਹਿੱਤਾਂ ‘ਤੇ ਅਧਾਰਤ ਹੈ।’ ਇਸ ਸੌਦੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਾਪਾਨ ਨੇ ਅਮਰੀਕਾ ‘ਚ ਲਗਭਗ 550 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਨਿਵੇਸ਼ ਹੁਣ ਤੱਕ ਦੇ ਇਤਿਹਾਸ ‘ਚ ਸਭ ਤੋਂ ਵੱਡਾ ਹੋਵੇਗਾ। ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਨਿਰਮਾਣ ਖੇਤਰ ਨੂੰ ਮਜ਼ਬੂਤੀ ਮਿਲੇਗੀ ਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਫਾਇਦਾ ਹੋਵੇਗਾ।