ਮਲੋਟ : ਮਲੋਟ ਵਿਖੇ ਪੁਲਸ ਪਾਰਟੀ ‘ਤੇ ਹਮਲੇ ਤੋਂ ਬਾਅਦ ਜਵਾਬੀ ਫਾਈਰਿੰਗ ਵਿਚ ਇਕ ਨੌਜਵਾਨ ਦੇ ਗੋਲੀ ਲੱਗੀ ਹੈ। ਇਸ ਮਾਮਲੇ ਵਿਚ ਮੁੱਖ ਮੁਲਜ਼ਮ ਫਰਾਰ ਹੋ ਗਿਆ ਪਰ ਪੁਲਸ ਨੇ ਉਸਦੇ 8 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ ਹੈ। ਘਟਨਾ ਬੁੱਧਵਾਰ ਸ਼ਾਮ ਦੀ ਹੈ। ਇਸ ਸਬੰਧੀ ਡੀ.ਐੱਸ.ਪੀ.ਮਲੋਟ ਇਕਬਾਲ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਸ ਦੇ ਸੀਨੀਅਰ ਕਪਤਾਨ ਡਾ. ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ.ਐੱਚ.ਓ.ਸਿਟੀ ਮਲੋਟ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਸ਼ਹਿਰ ਅੰਦਰ ਗਸ਼ਤ ਕੀਤੀ ਜਾ ਰਹੀ ਸੀ।
ਪੁਲਸ ਨੂੰ ਸੂਚਨਾ ਮਿਲੀ ਕਿ ਡੀ. ਏ. ਵੀ. ਕਾਲਜ ਮਲੋਟ ਵਿਖੇ ਐੱਨ.ਐੱਸ. ਯੂ.ਵੱਲੋਂ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ। ਜਿਸ ਕਰਕੇ ਉਸਦੀ ਮਦਦ ਲਈ ਲੜਕਿਆਂ ਦੇ ਕਈ ਗਰੁੱਪ ਸ਼ਹਿਰ ਅਤੇ ਆਸਪਾਸ ਇਕੱਠੇ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਕੋਲ ਹਥਿਆਰ ਵੀ ਹਨ। ਸਿਟੀ ਮਲੋਟ ਪੁਲਸ ਦੀ ਇਕ ਟੀਮ ਡਿਫੈਂਸ ਰੋਡ ‘ਤੇ ਜਾ ਰਹੀ ਸੀ ਕਿ ਸਾਹਮਣੇ ਤੋਂ ਉਤਰਪ੍ਰਦੇਸ਼ ਦੇ ਨੰਬਰ ਵਾਲੀ ਇਕ ਫਾਰਚੂਨਰ ਰਜਿਸਟ੍ਰੇਸ਼ਨ ਨੰਬਰ ਯੂ. ਪੀ. 16ਬੀਏ -0034 ਆ ਰਹੀ ਸੀ।
ਪੁਲਸ ਟੀਮ ਨੇ ਉਸ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਗੱਡੀ ਲਿਆ ਕੇ ਪੁਲਸ ਦੀ ਗੱਡੀ ਵਿਚ ਮਾਰੀ। ਇਸ ਮੌਕੇ ਫਾਰਚੂਨਰ ਦੀ ਕੰਡਕਟਰ ਸਾਈਡ ‘ਤੇ ਗੌਰਵ ਕੁਮਾਰ ਉਰਫ ਬਿੱਲਾ ਪੁੱਤਰ ਰਵੀ ਕੁਮਾਰ ਵਾਸੀ ਅਬੁਲਖੁਰਾਣਾ ਹਾਲ ਅਬਾਦ ਬੁਰਜਾਂ ਫਾਟਕ ਛੱਜਘੜ ਮੁਹੱਲਾ ਮਲੋਟ ਬੈਠਾ ਸੀ। ਜਿਸ ‘ਤੇ ਪੁਲਸ ਦੀ ਗੱਡੀ ‘ਤੇ ਫਾਈਰਿੰਗ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਫਾਈਰਿੰਗ ਕੀਤੀ। ਫਾਰਚੂਨਰ ਚਾਲਕ ਨੇ ਗੱਡੀ ਭਜਾ ਲਈ ਜਦ ਪੁਲਸ ਨੇ ਆਪਣੀ ਗੱਡੀ ਮੋੜ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਉਨ੍ਹਾਂ ਦੀ ਪਹੁੰਚ ਵਿਚੋਂ ਨਿਕਲ ਗਈ। ਇਸ ਦੌਰਾਨ ਬਿੱਲਾ ਗੱਡੀ ਵਿਚੋਂ ਉਤਰ ਕੇ ਗੋਲੀਆਂ ਚਲਾਉਂਦਾ ਫਰਾਰ ਹੋ ਗਿਆ।

