ਕੋਲਕਾਤਾ ਇਥੇ ਭਵਾਨੀਪੁਰ ਇਲਾਕੇ ਵਿਚ ਮੰਗਲਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ, ਜਦੋਂ ‘ਆਰ. ਜੀ. ਕਰ’ ਹਸਪਤਾਲ ’ਚ ਜਬਰ-ਜ਼ਨਾਹ ਤੇ ਕਤਲ ਦੇ ਦੋਸ਼ੀ ਦੀ ਭਾਣਜੀ ਦੀ ਰਹੱਸਮਈ ਹਾਲਤ ’ਚ ਮੌਤ ਹੋ ਜਾਣ ਦਾ ਪਤਾ ਲੱਗਾ। ਇਸ ਦੌਰਾਨ ਗੁੱਸੇ ਵਿਚ ਆਏ ਕੁਝ ਸਥਾਨਕ ਲੋਕਾਂ ਨੇ ਇਕ 11 ਸਾਲਾ ਬੱਚੀ ਦੇ ਪਿਤਾ ਅਤੇ ਮਤਰੇਈ ਮਾਂ ’ਤੇ ਹਮਲਾ ਕਰ ਦਿੱਤਾ। ਪਤਾ ਲੱਗਾ ਹੈ ਕਿ ਬੱਚੀ ਦੀ ਲਾਸ਼ ਇਕ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੀ ਅਲਮਾਰੀ ’ਚੋਂ ਮਿਲੀ ਸੀ।ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਨਾਬਾਲਗ ਸੁਰੰਜਨਾ ਸਿੰਘ, ‘ਆਰ. ਜੀ. ਕਰ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਜਬਰ-ਜ਼ਨਾਹ ਤੇ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਦੀ ਭਾਣਜੀ ਸੀ। ਰਾਏ ਨੂੰ ਡਿਊਟੀ ’ਤੇ ਮੌਜੂਦ ਇਕ ਡਾਕਟਰ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਭੋਲਾ ਸਿੰਘ ਅਤੇ ਉਸਦੀ ਪਤਨੀ ਪੂਜਾ, ਜੋ ਕਥਿਤ ਤੌਰ ’ਤੇ ਆਪਣੇ ਘਰੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਗੁਆਂਢੀਆਂ ਨੇ ਰੋਕ ਲਿਆ ਅਤੇ ਦੋਵਾਂ ’ਤੇ ਘਰ ਵਿਚ ਬੱਚੀ ਨੂੰ ਸਰੀਰਕ ਅਤੇ ਮਾਨਸਕ ਤੌਰ ’ਤੇ ਤਸੀਹੇ ਦੇਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

