ਚੱਕਰਵਾਤੀ ਤੂਫ਼ਾਨ ਮੁਰਾਸੂ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਤੋਂ ਅੱਗੇ ਵਧ ਕੇ ਤੇਲੰਗਾਨਾ ਵੱਲ ਚਲਾ ਗਿਆ ਹੈ। ਹਾਲਾਂਕਿ, ਤੂਫ਼ਾਨ ਦਾ ਇੱਕ ਹਿੱਸਾ ਅਜੇ ਵੀ ਆਂਧਰਾ ਪ੍ਰਦੇਸ਼ ਦੇ ਤੱਟ ਦੇ ਨੇੜੇ ਸਰਗਰਮ ਹੈ। ਇਸ ਦੇ ਪ੍ਰਭਾਵ ਕਾਰਨ ਵਿਜੇਵਾੜਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਸ਼ਾਮ ਤੱਕ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਜਾਣਕਾਰੀ ਅਨੁਸਾਰ, ਮੁਰਾਸੂ ਸੋਮਵਾਰ ਰਾਤ ਕਰੀਬ 1 ਵਜੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ ਸੀ। ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਮੰਗਲਵਾਰ ਸਵੇਰੇ 5:30 ਵਜੇ ਤੱਕ ਤੂਫ਼ਾਨ ਦਾ ਕੇਂਦਰ ਤੱਟ ਨੂੰ ਪਾਰ ਕਰ ਗਿਆ ਸੀ।
ਤੂਫ਼ਾਨ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਦਰੱਖਤ ਜੜ੍ਹਾਂ ਤੋਂ ਉਖੜ ਗਏ, ਜਦਕਿ ਬਿਜਲੀ ਦੇ ਸੈਂਕੜੇ ਖੰਭੇ ਨੁਕਸਾਨੇ ਗਏ। ਕਈ ਕਿਸ਼ਤੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭਾਰੀ ਮੀਂਹ ਕਾਰਨ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਅਤੇ ਹਾਈਵੇਅ ‘ਤੇ ਕਈ ਵਾਹਨ ਫਸ ਗਏ।
ਤਾਮਿਲਨਾਡੂ ਵਿੱਚ ਵੀ ਭਾਰੀ ਮੀਂਹ, ਕੁੱਡਾਲੋਰ ਵਿੱਚ ਸਕੂਲ ਬੰਦ
ਚੱਕਰਵਾਤੀ ਤੂਫ਼ਾਨ ਮੁਰਾਸੂ ਦਾ ਅਸਰ ਤਾਮਿਲਨਾਡੂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕੁੱਡਾਲੋਰ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਮੰਗਲਵਾਰ ਨੂੰ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਕਲੈਕਟਰ ਨੇ ਇਹ ਫੈਸਲਾ ਕਈ ਇਲਾਕਿਆਂ ਵਿੱਚ ਤੇਜ਼ ਹਨੇਰੀ, ਬਿਜਲੀ ਚਮਕਣ ਅਤੇ ਲਗਾਤਾਰ ਮੀਂਹ ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਲਿਆ ਹੈ।
ਭਾਰਤੀ ਮੌਸਮ ਵਿਭਾਗ (IMD) ਦੀ ਡਾਇਰੈਕਟਰ ਮਨੋਰਮਾ ਮੋਹੰਤੀ ਮੁਤਾਬਕ, ਡੂੰਘਾ ਦਬਾਅ ਉੱਤਰ-ਉੱਤਰ ਪੱਛਮ ਵੱਲ ਵਧ ਰਿਹਾ ਹੈ ਅਤੇ ਮੰਗਲਵਾਰ ਦੁਪਹਿਰ ਤੱਕ ਇਸ ਦੇ ਹੌਲੀ-ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਕਾਰਨ ਅਗਲੇ 48 ਘੰਟਿਆਂ ਦੌਰਾਨ ਓਡੀਸ਼ਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਵਿਸ਼ਾਖਾਪਟਨਮ ਮੌਸਮ ਵਿਭਾਗ ਦੇ ਡਾਇਰੈਕਟਰ ਪੀਐਲਐਨ ਮੂਰਤੀ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਮੁਰਾਸੂ ਮੰਗਲਵਾਰ ਸਵੇਰੇ 3:30 ਤੋਂ 5:30 ਵਜੇ ਦਰਮਿਆਨ ਓਂਗੋਲ ਨੇੜੇ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰ ਗਿਆ ਸੀ। ਫਿਲਹਾਲ ਇਹ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਗੰਭੀਰ ਚੱਕਰਵਾਤੀ ਤੂਫ਼ਾਨ ਵਜੋਂ ਮੌਜੂਦ ਹੈ। ਅਗਲੇ 12 ਘੰਟਿਆਂ ਦੌਰਾਨ ਇਸ ਦੇ ਉੱਤਰ-ਉੱਤਰ ਪੱਛਮ ਵੱਲ ਵਧਣ ਅਤੇ ਮੰਗਲਵਾਰ ਦੁਪਹਿਰ ਤੱਕ ਕਮਜ਼ੋਰ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮਛੇਰਿਆਂ ਨੂੰ ਅਗਲੇ ਦੋ ਦਿਨਾਂ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

