ਸ੍ਰੀ ਅਨੰਦਪੁਰ ਸਾਹਿਬ – ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ‘ਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪੈਦਾ ਹੋਇਆ ਵਿਵਾਦ ਅੱਜ ਸਮਾਪਤ ਹੋ ਗਿਆ। ਪੰਥਕ ਰੀਤੀ-ਰਿਵਾਜਾਂ ਦੇ ਆਧਾਰ ‘ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅੱਜ ਇਕ ਵਾਰ ਫਿਰ ਤੋਂ ਦਸਤਾਰਬੰਦੀ ਕੀਤੀ ਗਈ ਹੈ। ਸਿੱਖ ਜਥੇਬੰਦੀਆਂ ਵੱਲੋਂ ਲਗਭਗ 8 ਮਹੀਨਿਆਂ ਤੋਂ ਚੱਲ ਰਿਹਾ ਇਹ ਵਿਵਾਦ ਅੱਜ ਖ਼ਤਮ ਹੋ ਗਿਆ। ਇਸ ਸਮਾਰੋਹ ਦੌਰਾਨ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਗੜੀ ਪਹਿਨਾਈ। ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਸਿੱਖ ਅਤੇ ਨਿਹੰਗ ਜਥੇਬੰਦੀਆਂ ਮੌਜੂਦ ਸਨ।
ਗੜਗੱਜ ਨੇ ਇੱਕਜੁੱਟਤਾ ਦੀ ਕੀਤੀ ਗੱਲ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਚੱਲਣ ਦੀ ਗੱਲ ਕਹੀ। ਉਨ੍ਹਾਂ ਨੇ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ‘ਤੇ ਚਿੰਤਾ ਪ੍ਰਗਟਾਈ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੋਗਾ ਵਿੱਚ ਪਤੀ-ਪਤਨੀ ਵੱਲੋਂ ਨਸ਼ਿਆਂ ਲਈ ਆਪਣੀ ਹੀ ਔਲਾਦ ਨੂੰ ਵੇਚਣ ਦੀ ਘਟਨਾ ‘ਤੇ ਵੀ ਦੁੱਖ਼ ਜ਼ਾਹਰ ਕੀਤਾ।

