ਲੁਧਿਆਣਾ ਸ਼ਹਿਰ ਦੇ ਫਿਰੋਜ਼ਪੁਰ ਰੋਡ ਵਿਖੇ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਸੁਣਨਾ ਇਕ ਲੇਡੀ ਪੁਲਸ ਮੁਲਾਜ਼ਮ ਨੂੰ ਮਹਿੰਗਾ ਪੈ ਪਿਆ। ਮਹਿਲਾ ਪੁਲਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਵਲੋਂ ਉਸ ਦਾ ਚਲਾਨ ਕਰ ਦਿੱਤਾ ਗਿਆ ਹੈ। ਉਕਤ ਔਰਤ ਮੁਲਾਜ਼ਮ ਦੀ ਵੀਡੀਓ ਸਕੂਟੀ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰਨ ’ਤੇ ਵਾਇਰਲ ਹੋਈ ਸੀ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਵੀ ਕੀਤਾ ਸੀ।ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਜਦੋਂ ਉਕਤ ਵੀਡੀਓ ਪੁੱਜੀ ਤਾਂ ਇਸ ਦਾ ਨੋਟਿਸ ਲੈਂਦੇ ਹੋਏ ਮਹਿਲਾ ਪੁਲਸ ਮੁਲਾਜ਼ਮ ਦਾ ਚਲਾਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਨਿਯਮ ਸਾਰਿਆਂ ਲਈ ਬਰਾਬਰ ਹਨ। ਕਿਸੇ ਨਾਲ ਕੋਈ ਪੱਖਪਾਤ ਜਾਂ ਲਿਹਾਜ ਨਹੀਂ ਕੀਤਾ ਜਾਵੇਗਾ।

