ਲੁਧਿਆਣਾ: ਇੱਥੇ ਧਾਂਦਰਾ ਰੋਡ ‘ਤੇ ਭਗਤ ਸਿੰਘ ਨਗਰ ‘ਚ ਇੱਕ ਇਮਾਰਤ ਦਾ ਲੈਂਟਰ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਹਾਦਸੇ ਸਮੇਂ ਉੱਥੇ ਅੱਧਾ ਦਰਜਨ ਤੋਂ ਵੱਧ ਲੋਕ ਕੰਮ ਕਰ ਰਹੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਅਧੀਨ ਪੈਂਦੀ ਚੌਂਕੀ ਬਸੰਤ ਐਵੇਨਿਊ ਚੌਂਕੀ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਗੁਰੂ ਨਗਰ ਕਾਲੋਨੀ ਦੇ ਰਹਿਣ ਵਾਲੇ ਰਾਮ ਆਸਰੇ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀਆਂ ਦੀ ਪਛਾਣ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਰਮੇਸ਼ ਰਾਏ ਅਤੇ ਅਜੈ ਦਾਸ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 6 ਵਜੇ ਦੇ ਕਰੀਬ ਸੈਣੀ ਟਰੇਡਰਜ਼ ਫੈਕਟਰੀ ‘ਚ ਵਾਪਰਿਆ।

