Become a member

Get the best offers and updates relating to Liberty Case News.

― Advertisement ―

spot_img
spot_img
HomeBig Newsਗਿੱਦੜਬਾਹਾ ਦੀ ਸਿਆਸਤ: ਛੋਟੇ ਬਾਦਲ ਸੰਭਾਲਣਗੇ ਵੱਡੇ ਬਾਦਲ ਦੀ ਵਿਰਾਸਤ

ਗਿੱਦੜਬਾਹਾ ਦੀ ਸਿਆਸਤ: ਛੋਟੇ ਬਾਦਲ ਸੰਭਾਲਣਗੇ ਵੱਡੇ ਬਾਦਲ ਦੀ ਵਿਰਾਸਤ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਲੀ ਵਿਧਾਨ ਸਭਾ ਚੋਣ ਗਿੱਦੜਬਾਹਾ ਤੋਂ ਲੜਨ ਦਾ ਐਲਾਨ ਕਰ ਕੇ ਪਾਰਟੀ ਵਰਕਰਾਂ ’ਚ ਜੋਸ਼ ਵਧਾ ਦਿੱਤਾ ਹੈ। ਇਹ ਉਹ ਇਤਿਹਾਸਕ ਸੀਟ ਹੈ, ਜਿੱਥੋਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਵਿਧਾਨ ਸਭਾ ’ਚ ਪਹੁੰਚੇ ਸਨ। ਇਸ ਸੀਟ ’ਤੇ ਸ਼ੁਰੂ ਤੋਂ ਜ਼ਿਆਦਾਤਰ ਬਾਦਲ ਪਰਿਵਾਰ ਦਾ ਦਬਦਬਾ ਰਿਹਾ। 1957 ’ਚ ਵੱਡੇ ਬਾਦਲ ਇੱਥੋਂ ਪਹਿਲੀ ਵਾਰ ਜਿੱਤ ਹਾਸਲ ਕਰ ਕੇ ਵਿਧਾਇਕ ਬਣੇ ਸਨ। ਉਹ ਇੱਥੋਂ ਲਗਾਤਾਰ 5 ਵਾਰ ਵਿਧਾਇਕ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਹ ਸੀਟ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤੀ, ਜੋ ਚਾਰ ਵਾਰ ਲਗਾਤਾਰ ਜਿੱਤ ਹਾਸਲ ਕਰਦੇ ਰਹੇ। ਬਾਦਲ ਪਰਿਵਾਰ ਦੇ ਚੋਣ ਲੜਨ ਕਰਕੇ ਇਹ ਹਲਕਾ ਹਮੇਸ਼ਾ ‘ਹੌਟ ਸੀਟ’ ’ਚ ਸ਼ੁਮਾਰ ਰਿਹਾ। ਪੰਜਾਬੀ ਦੀ ਮਸ਼ਹੂਰ ਕਹਾਵਤ ਹੈ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਪਰ ਇਸ ਹਲਕੇ ’ਚ ‘ਕਦੇ ਤਾਏ ਦੀਆਂ, ਕਦੇ ਭਤੀਜੇ ਦੀਆਂ।’ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨੂੰ ਉਨ੍ਹਾਂ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਵਧਾਇਆ ਤੇ ਹੁਣ ਉਨ੍ਹਾਂ ਦੇ ਫ਼ਰਜ਼ੰਦ ਇਸ ਸੀਟ ’ਤੇ ਚੋਣ ਲੜਨਗੇ। ਚਾਰ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤਣ ਵਾਲੇ ਮਨਪ੍ਰੀਤ ਸਿੰਘ ਬਾਦਲ ਨੇ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਬਣਾ ਕੇ 2012 ’ਚ ਗਿੱਦੜਬਾਹਾ ਤੇ ਬਠਿੰਡਾ ਦੋਵੇਂ ਹਲਕਿਆਂ ਤੋਂ ਚੋਣ ਲੜੀ ਤਾਂ ਬੁਰੀ ਤਰ੍ਹਾਂ ਹਾਰ ਗਏ। ਗਿੱਦੜਬਾਹਾ ’ਚੋਂ ਉਨ੍ਹਾਂ ਨੂੰ ਸਿਰਫ਼ 31,906 ਵੋਟਾਂ ਹਾਸਲ ਹੋਈਆਂ। ਅਕਾਲੀ ਦਲ ’ਚ ਹੁੰਦਿਆਂ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨ ਵਾਲੇ ਮਨਪ੍ਰੀਤ ਦੀ ਨਵੀਂ ਪਾਰਟੀ ਨਾਲ ਲੋਕਾਂ ਨੇ ‘ਪ੍ਰੀਤ’ ਨਹੀਂ ਪਾਈ। ਨੌਜਵਾਨ ਚਿਹਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 50,305 ਵੋਟਾਂ ਹਾਸਲ ਕਰ ਕੇ ਉਨ੍ਹਾਂ ਨੂੰ ਮਾਤ ਦੇ ਦਿੱਤੀ। 2012 ਤੱਕ ਅਕਾਲੀਆਂ ਦਾ ਗੜ੍ਹ ਮੰਨੀ ਜਾਂਦੀ ਇਸ ਸੀਟ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫ਼ਤਹਿ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਇੱਥੋਂ ਜਿੱਤ ਹਾਸਲ ਕੀਤੀ। 2022 ’ਚ ਪੂਰੇ ਸੂਬੇ ’ਚ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਬਾਵਜੂਦ ਉਹ ਆਪਣੀ ਸੀਟ ਬਚਾਉਣ ’ਚ ਕਾਮਯਾਬ ਰਹੇ। ਇਸ ਦਾ ਉਨ੍ਹਾਂ ਨੂੰ ‘ਇਨਾਮ’ ਵਜੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹਾਸਲ ਹੋਈ। ਉਨ੍ਹਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਟਿਕਟ ਮਿਲੀ ਪਰ ਉਹ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਕੋਲੋਂ ਹਾਰ ਗਏ।