ਡੇਰਾਬੱਸੀ : ਇੱਥੋਂ ਦੇ ਪਿੰਡ ਸਮਗੌਲੀ ਤੋਂ ਡੌਂਕੀ ਲਗਾ ਕੇ ਅਮਰੀਕਾ ਜਾ ਰਹੇ 28 ਸਾਲਾ ਹਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਸਤੰਬਰ ਮਹੀਨੇ ਵਿਚ ਮੈਕਸੀਕੋ ਵਿਖੇ ਮੌਤ ਹੋ ਗਈ ਸੀ। ਉਦੋਂ ਤੋਂ ਹੀ ਉਸਦੀ ਲਾਸ਼ ਮੈਕਸੀਕੋ ਵਿਚ ਪਈ ਹੋਈ ਸੀ, ਜੋ ਅੱਜ ਸ਼ੁੱਕਰਵਾਰ ਨੂੰ ਇੱਥੇ ਪਹੁੰਚ ਗਈ। ਪਰਿਵਾਰ ਨੂੰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਦਾ ਦੋਸ਼ ਹੈ ਕਿ ਹਰਦੀਪ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸਨੂੰ ਮੈਕਸੀਕੋ ਭੇਜਿਆ ਗਿਆ ਸੀ। ਉੱਥੇ ਉਸਦੀ ਮੌਤ ਹੋਣ ‘ਤੇ ਲਾਸ਼ ਭਾਰਤ ਵਾਪਸ ਲਿਆਉਣ ਵਿਚ ਭਾਰੀ ਪ੍ਰੇਸ਼ਾਨੀ ਆਈ। ਮ੍ਰਿਤਕ ਭਾਰਤ ਦਾ ਰਹਿਣ ਵਾਲ਼ਾ ਸੀ ਜਦਕਿ ਉਸਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿੱਕਤ ਆ ਰਹੀ ਸੀ, ਜਿਸ ਕਰਕੇ ਲਾਸ਼ ਨੂੰ ਆਉਣ ਵਿਚ ਇੰਨਾ ਸਮਾਂ ਲੱਗ ਗਿਆ।
ਡੇਰਾਬੱਸੀ ਥਾਣਾ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਨੇ ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ ਜਿਸ ਵਿਚ ਦੋ ਏਜੰਟਾਂ ਨੂੰ ਜਿੰਮੇਵਾਰ ਦੱਸਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਦੋ ਜਾਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਜਿੰਨਾਂ ਵਿਚੋਂ ਇਕ ਏਜੰਟ ਨੂੰ ਅੱਜ ਕਾਬੂ ਕਰ ਲਿਆ ਗਿਆ ਜਦਕਿ ਇਕ ਅਜੇ ਵੀ ਫ਼ਰਾਰ ਹੈ।

