ਲੁਧਿਆਣਾ : ਲੁਧਿਆਣਾ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਾਸੇ ਸੜਕ ਹਾਦਸੇ ਵਿਚ ਜ਼ਖ਼ਮੀ ਦੀ ਮਦਦ ਲਈ ਲੋਕ ਹੱਥ ਵਧਾਉਂਦੇ ਹਨ, ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਨੇ ਮਦਦ ਦੇ ਬਹਾਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਘਟਨਾ ਟਿੱਬਾ ਰੋਡ ਦੇ ਕੋਲ ਨੈਸ਼ਨਲ ਹਾਈਵੇਅ ਦੀ ਹੈ, ਜਿੱਥੇ ਦੇਰ ਰਾਤ ਇਕ ਕੈਂਟਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਕੁਝ ਲੋਕ ਚਾਲਕ ਦੀ ਮਦਦ ਲਈ ਰੁਕੇ।
ਇਸੇ ਦੌਰਾਨ ਦੋ ਨੌਜਵਾਨ ਕੈਂਟਰ ਚਾਲਕ ਵਰਿੰਦਰ ਕੁਮਾਰ ਦੇ ਕੋਲ ਪਹੁੰਚੇ ਅਤੇ ਉਸ ਨੂੰ ਸੰਭਾਲਣ ਦੇ ਬਹਾਨੇ ਸੜਕ ਤੋਂ ਹਟਾ ਕੇ ਨੇੜੇ ਹੀ ਇਕ ਗਲੀ ਵਿਚ ਲੈ ਗਏ। ਡਰਾਈਵਰ ਨੂੰ ਲੱਗਿਆ ਕਿ ਉਹ ਉਸ ਦੀ ਮਦਦ ਕਰ ਰਹੇ ਹਨ, ਪਰ ਗਲੀ ਦੇ ਹਨੇਰੇ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਦਰਿੰਦਿਆਂ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ। ਮੁਲਜ਼ਮਾਂ ਨੇ ਜ਼ਖ਼ਮੀ ਅਤੇ ਡਰੇ ਹੋਏ ਡਰਾਈਵਰ ਨੂੰ ਘੇਰ ਲਿਆ ਅਤੇ ਉਸ ਤੋਂ ਮੋਬਾਈਲ ਫ਼ੋਨ ਤੇ ਨਕਦੀ ਲੁੱਟ ਲਈ ਅਤੇ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਡਰਾਈਵਰ ਨੇ ਹਿੰਮਤ ਜੁਟਾ ਕੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਸੱਟ ਲੱਗੀ ਹੋਣ ਕਾਰਨ ਉਹ ਉਨ੍ਹਾਂ ਨੂੰ ਫੜ ਨਹੀਂ ਸਕਿਆ। ਉੱਥੇ ਹੀ ਮੌਕੇ ‘ਤੇ ਮੌਜੂਦ ਹੋਰ ਰਾਹਗੀਰਾਂ ਨੂੰ ਲੱਗਿਆ ਕਿ ਡਰਾਈਵਰ ਸ਼ਾਇਦ ਪੁਲਸ ਦੇ ਡਰ ਤੋਂ ਐਕਸੀਡੈਂਟ ਤੋਂ ਬਾਅਦ ਫ਼ਰਾਰ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੀ.ਸੀ.ਆਰ. ਮੌਕੇ ‘ਤੇ ਪਹੁੰਚ ਗਈ।

