ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜ ਸਭਾ ਦੇ ਸੇਵਾਮੁਕਤ ਹੋ ਰਹੇ ਮੈਂਬਰਾਂ ਦਾ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਦੇ ਸਿਆਸੀ ਯਤਨਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਬਜਟ ਸੈਸ਼ਨ ਦੌਰਾਨ ਉਪਰਲੇ ਸਦਨ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਸਿਆਸਤ ਵਿੱਚ ਕੋਈ ਫੁੱਲ ਸਟਾਪ ਨਹੀਂ ਹੁੰਦਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦਨ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਹੋਣ ਵਾਲੀ ਚਰਚਾ ‘ਚ ਹਰ ਮੈਂਬਰ ਦੀ ਇਕ ਵਿਲੱਖਣ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲਾਈਨਾਂ ਤੋਂ ਉੱਪਰ ਉੱਠ ਕੇ ਪੈਦਾ ਹੋਣ ਵਾਲਾ ਸਨਮਾਨ ਦਾ ਭਾਵ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਇਨ੍ਹਾਂ ਆਗੂਆਂ ਦਾ ਅਨੁਭਵ ਦੇਸ਼ ਦੇ ਕੰਮ ਆਉਂਦਾ ਰਹੇਗਾ।
ਦਿੱਗਜ ਨੇਤਾਵਾਂ ਤੋਂ ਸਿੱਖਣ ਦੀ ਸਲਾਹ
ਪੀਐੱਮ ਮੋਦੀ ਨੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਐੱਚ.ਡੀ. ਦੇਵਗੌੜਾ, ਮਲਿਕਾਰਜੁਨ ਖੜਗੇ ਅਤੇ ਸ਼ਰਦ ਪਵਾਰ ਵਰਗੇ ਸੀਨੀਅਰ ਨੇਤਾਵਾਂ ਤੋਂ ਸਿੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੱਧ ਹਿੱਸਾ ਸੰਸਦੀ ਕੰਮਾਂ ‘ਚ ਬਿਤਾਇਆ ਹੈ, ਜੋ ਨਵੇਂ ਮੈਂਬਰਾਂ ਲਈ ਪ੍ਰੇਰਨਾ ਸਰੋਤ ਹਨ।
ਰਾਮਦਾਸ ਅਠਾਵਲੇ ਦੇ ਹਾਸੇ-ਮਜ਼ਾਕ ਦਾ ਜ਼ਿਕਰ
ਸੇਵਾਮੁਕਤ ਹੋ ਰਹੇ 37 ਮੈਂਬਰਾਂ ‘ਚ ਸ਼ਾਮਲ ਰਾਮਦਾਸ ਅਠਾਵਲੇ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦਨ ‘ਚ ਹਾਸੇ-ਮਜ਼ਾਕ ਅਤੇ ਵਿਅੰਗ ਦੀ ਪਰੰਪਰਾ ਘਟ ਰਹੀ ਹੈ, ਪਰ ਅਠਾਵਲੇ ‘ਐਵਰਗ੍ਰੀਨ’ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਅਠਾਵਲੇ ਸਦਨ ਤੋਂ ਬਾਹਰ ਵੀ ਆਪਣਾ ਵਿਅੰਗ ਜਾਰੀ ਰੱਖਣਗੇ। ਰਾਮਦਾਸ ਅਠਾਵਲੇ ਦੇ ਨਾਲ-ਨਾਲ ਪ੍ਰਿਅੰਕਾ ਚਤੁਰਵੇਦੀ, ਅਭਿਸ਼ੇਕ ਮਨੂ ਸਿੰਘਵੀ ਅਤੇ ਤਿਰੂਚੀ ਸ਼ਿਵਾ ਵਰਗੇ ਆਗੂ ਵੀ ਸੇਵਾਮੁਕਤ ਹੋ ਰਹੇ ਹਨ।

