ਤਹਿਰਾਨ : ਈਰਾਨ ਅਤੇ ਅਮਰੀਕਾ-ਇਜ਼ਰਾਈਲ ਧੁਰੇ ਵਿਚਕਾਰ ਚੱਲ ਰਹੇ ਤਣਾਅ ਦੇ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਈਰਾਨ ਨੇ ਅਧਿਕਾਰਤ ਤੌਰ ‘ਤੇ ਆਪਣੇ ਸੀਨੀਅਰ ਨੇਤਾ ਅਤੇ ਸਕਿਓਰਿਟੀ ਚੀਫ ਅਲੀ ਲਾਰੀਜਾਨੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ, ਤਹਿਰਾਨ ਨੇ ਸਵੀਕਾਰ ਕੀਤਾ ਹੈ ਕਿ ਹਵਾਈ ਹਮਲਿਆਂ ਵਿੱਚ ਦੇਸ਼ ਨੂੰ ਵੱਡਾ ਨੁਕਸਾਨ ਹੋਇਆ ਹੈ।
ਇਜ਼ਰਾਈਲ ਦਾ ਦਾਅਵਾ ਅਤੇ ਫੌਜੀ ਸਫਲਤਾ
ਇਸ ਤੋਂ ਪਹਿਲਾਂ ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਤਹਿਰਾਨ ਵਿਰੁੱਧ ਕੀਤੇ ਗਏ ਹਵਾਈ ਹਮਲਿਆਂ ਵਿੱਚ ਲਾਰੀਜਾਨੀ ਮਾਰਿਆ ਗਿਆ ਹੈ ਅਤੇ ਇਸ ਨੂੰ ਇੱਕ ਵੱਡੀ ਫੌਜੀ ਸਫਲਤਾ ਵਜੋਂ ਪੇਸ਼ ਕੀਤਾ ਸੀ। ਰਿਪੋਰਟਾਂ ਅਨੁਸਾਰ, ਇਸੇ ਹਮਲੇ ਵਿੱਚ ਕਮਾਂਡਰ ਘੋਲਮਰੇਜ਼ਾ ਸੁਲੇਮਾਨੀ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਈਰਾਨ ਦੀ ਉੱਚ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਲਾਰੀਜਾਨੀ ਨੂੰ ਪਿਛਲੇ ਦੋ ਹਫ਼ਤਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਕੌਣ ਸਨ ਅਲੀ ਲਾਰੀਜਾਨੀ?
ਅਲੀ ਲਾਰੀਜਾਨੀ ਈਰਾਨ ਦੇ ਰਾਜਨੀਤਿਕ ਅਤੇ ਸੁਰੱਖਿਆ ਢਾਂਚੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸ਼ਖਸੀਅਤ ਸਨ। ਉਹ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ, ਸੰਸਦ ਦੇ ਸਪੀਕਰ ਅਤੇ ਸੁਪਰੀਮ ਲੀਡਰ ਦੇ ਨਜ਼ਦੀਕੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਸਨ। ਈਰਾਨ ਦੇ ਮੁੱਖ ਨੀਤੀਗਤ ਫੈਸਲਿਆਂ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਨੂੰ ਈਰਾਨ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

