ਬਠਿੰਡਾ : ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸਵ. ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦ ਪੁੱਤਰ ਦਵਿੰਦਰ ਨੱਤ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਡਵੋਕੇਟ ਦਵਿੰਦਰ ਨੱਤ ਵਲੋਂ ਚੰਡੀਗੜ੍ਹ ਰਹਿੰਦੇ ਬਿਲਡਰ ‘ਤੇ 4 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਇਸ ‘ਚ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਵੀਡੀਓ ‘ਚ ਕਿਹਾ ਕਿ ਸੀਨੀਅਰ ਲੀਡਰਸ਼ਿਪ ਵਲੋਂ ਦਬਾਅ ਪਾਉਣ ਦੇ ਬਾਵਜੂਦ ਵੀ ਬਿਲਡਰ ਵਲੋਂ ਉਨ੍ਹਾਂ ਨੂੰ ਚਾਰ ਕਰੋੜ ਰੁਪਏ ਵਾਪਸ ਨਹੀਂ ਕੀਤੇ ਗਏ। ਦੱਸਣਯੋਗ ਹੈ ਸਵ. ਸੁਖਰਾਜ ਸਿੰਘ ਨੱਤ ਵਲੋਂ ਚਾਰ ਵਾਰ ਵਿਧਾਇਕ ਦੀ ਚੋਣ ਲੜੀ ਜਾ ਚੁੱਕੀ ਹੈ। ਦਵਿੰਦਰ ਨੱਤ ਨੇ ਬਿਲਡਰ ਅਤੇ ਉਸ ਦੇ 2 ਪੁੱਤਰਾਂ ‘ਤੇ ਠੱਗੀ ਦੇ ਵੱਡੇ ਇਲਜ਼ਾਮ ਲਾਏ ਹਨ।
ਖ਼ੁਦਕੁਸ਼ੀ ਨੋਟ ‘ਚ ਦਵਿੰਦਰ ਨੱਤ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਮੋਹਾਲੀ-ਜ਼ੀਰਕਪੁਰ ਦੇ ਬਿਲਡਰ ਬਿੰਦਰਪਾਲ ਮਿੱਤਲ, ਪ੍ਰਤੀਕ ਮਿੱਤਲ ਅਤੇ ਭਰਤ ਮਿੱਤਲ ਨੂੰ ਭਾਰੀ ਰਕਮ ਦਿੱਤੀ ਸੀ, ਜੋ ਵਾਪਸ ਨਹੀਂ ਮਿਲ ਰਹੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਆਪਣੇ ਲਗਭਗ 5.5 ਕਰੋੜ ਰੁਪਏ ਫਸੇ ਹੋਏ ਸਨ, ਜਦੋਂ ਕਿ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦੇ ਵੀ 6-7 ਕਰੋੜ ਰੁਪਏ ਉਨ੍ਹਾਂ ਨੇ ਨਿਵੇਸ਼ ਕਰਵਾਏ ਸਨ। ਉਨ੍ਹਾਂ ਨੇ ਕਿਹਾ ਕਿ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ, ਪਿਤਾ ਦੀ ਜ਼ਮੀਨ ਵੇਚ ਕੇ ਮਿਲੇ ਪੈਸੇ, ਬੀਮਾ ਰਕਮ ਅਤੇ ਘਰ ਦੀ ਬੱਚਤ ਤੱਕ ਲਗਾ ਦਿੱਤੀ, ਪਰ ਹੁਣ ਪੈਸੇ ਵਾਪਸ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਆਰਥਿਕ ਦਬਾਅ ਨਾਲ ਨਾਲ ਉਨ੍ਹਾਂ ’ਤੇ ਐੱਸ. ਬੀ. ਆਈ. ਦਾ ਕਰੀਬ 80 ਲੱਖ ਰੁਪਏ ਦਾ ਕਰਜ਼ ਵੀ ਸੀ, ਜਿਸ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿੱਚ ਸਨ।

