ਖੰਨਾ : ਖੰਨਾ ਪੁਲਸ ਨੇ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਪਾਇਲ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਸੌਦਾਗਰ ਸਿੰਘ ‘ਤੇ ਇਕ ਆੜ੍ਹਤੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਦੱਸ ਦਈਏ ਕਿ ਸ਼ਗਨਪ੍ਰੀਤ ਸਿੰਘ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਰਹਿ ਚੁੱਕਿਆ ਹੈ। ਪੁਲਸ ਜਾਂਚ ਮੁਤਾਬਕ, ਪਾਇਲ ਖੇਤਰ ਦੇ ਇਕ ਆੜ੍ਹਤੀ ਨੂੰ ਫੋਨ ਕਰਕੇ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਫੋਨ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਡੋਨੀ ਬਲ ਦੱਸਿਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਪੁਲਸ ਨੇ ਤਕਨੀਕੀ ਜਾਂਚ ਕੀਤੀ, ਤਾਂ ਸਾਹਮਣੇ ਆਇਆ ਕਿ ਇਹ ਫਿਰੌਤੀ ਦੀ ਮੰਗ ਆਸਟ੍ਰੇਲੀਆ ਵਿਚ ਬੈਠੇ ਸ਼ਗਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਸੌਦਾਗਰ ਸਿੰਘ ਵੱਲੋਂ ਕੀਤੀ ਗਈ ਸੀ। ਸਬੂਤਾਂ ਦੇ ਆਧਾਰ ‘ਤੇ ਪੁਲਸ ਨੇ ਸੌਦਾਗਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀ.ਐੱਸ. ਪੀ. ਮੋਹਿਤ ਸੰਗਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਾਇਲ ਇਲਾਕੇ ਵਿਚ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਜੋ ਅੰਮ੍ਰਿਤਸਰ ਦੇ ਬਿਆਸ ਦਾ ਰਹਿਣ ਵਾਲਾ ਹੈ। ਉਸ ਵੱਲੋਂ ਵਪਾਰੀ ਤੋਂ ਫ਼ਿਰੌਤੀ ਦੀ ਮੰਗ ਲਈ ਫ਼ੋਨ ਕੀਤਾ ਗਿਆ ਸੀ। ਸੂਚਨਾ ਮਿਲਣ ‘ਤੇ ਥਾਣਾ ਪਾਇਲ ਵਿਚ ਮੁਲਜ਼ਮ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡੋਨੀ ਬਲ ਦੇ ਨਾਲ ਸ਼ਗਨਪ੍ਰੀਤ ਸਿੰਘ ਤੇ ਉਸ ਦੇ ਪਿਤਾ ਸੌਦਾਰ ਸਿੰਘ ਵਾਸੀ ਫ਼ਤਹਿਗੜ੍ਹ ਵੀ ਸ਼ਾਮਲ ਸਨ। ਇਸ ਵੇਲੇ ਸ਼ਗਨਪ੍ਰੀਤ ਸਿੰਘ ਆਸਟ੍ਰੇਲੀਆ ਵਿਚ ਰਹਿੰਦਾ ਹੈ। ਉਸ ਦੇ ਪਿਤਾ ਸੌਦਾਗਰ ਸਿੰਘ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

