ਦੇਸ਼ ਭਰ ਵਿੱਚ ਮਾਨਸੂਨ ਨੇ ਰਫ਼ਤਾਰ ਫੜ ਲਈ ਹੈ ਅਤੇ ਰਾਜਸਥਾਨ ਤੇ ਗੁਜਰਾਤ ਦੇ ਕੁਝ ਹਿੱਸਿਆਂ ਤੋਂ ਇਲਾਵਾ ਲਗਭਗ ਸਾਰੇ ਰਾਜਾਂ ਵਿੱਚ ਮੀਂਹ ਪਹੁੰਚ ਚੁੱਕਾ ਹੈ। ਹਾਲਾਂਕਿ ਗੁਜਰਾਤ ਵਿੱਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਹੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ।
ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਮੇਂਦਰਡਾ ਇਲਾਕੇ ਦੇ ਸਮਧਿਆਲਾ ਪਿੰਡ ਨੇੜੇ ਹੜ੍ਹ ਦੇ ਪਾਣੀ ਵਿੱਚ ਚਾਰ ਵਾਹਨ ਫਸ ਗਏ। ਰਾਹਤ ਟੀਮਾਂ ਨੇ 19 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਮਹਾਰਾਸ਼ਟਰ ਦੇ ਭਿਵੰਡੀ ਵਿੱਚ ਲਗਾਤਾਰ ਮੀਂਹ ਕਾਰਨ ਬਾਜ਼ਾਰਾਂ ਵਿੱਚ ਕਰੀਬ ਤਿੰਨ ਫੁੱਟ ਪਾਣੀ ਭਰ ਗਿਆ। ਕਈ ਦੁਕਾਨਾਂ ਬੰਦ ਕਰਣੀਆਂ ਪਈਆਂ ਅਤੇ ਲੋਕ ਕਮਰ ਤੱਕ ਪਾਣੀ ਵਿੱਚੋਂ ਲੰਘ ਕੇ ਸੜਕ ਪਾਰ ਕਰਦੇ ਨਜ਼ਰ ਆਏ। ਇਸੇ ਦੌਰਾਨ ਮੁੰਬਈ ਮੈਟਰੋ ਲਾਈਨ-2ਏ ‘ਤੇ ਤਕਨੀਕੀ ਖਰਾਬੀ ਕਾਰਨ ਕਰੀਬ ਡੇਢ ਘੰਟੇ ਤੱਕ ਸੇਵਾਵਾਂ ਪ੍ਰਭਾਵਿਤ ਰਹੀਆਂ।
ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਭਾਰੀ ਮੀਂਹ ਤੋਂ ਬਾਅਦ ਸਵਾਈ ਮਾਨ ਸਿੰਘ ਹਸਪਤਾਲ ਦੇ ਮਾਈਨਰ ਆਪਰੇਸ਼ਨ ਥੀਏਟਰ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਮਰੀਜ਼ਾਂ ਨੂੰ ਦੂਜੇ ਵਾਰਡਾਂ ਵਿੱਚ ਭੇਜਣਾ ਪਿਆ।
ਮੱਧ ਪ੍ਰਦੇਸ਼ ਦੇ ਭੋਪਾਲ, ਇੰਦੌਰ ਸਮੇਤ 26 ਤੋਂ ਵੱਧ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਉੱਜੈਨ ਵਿੱਚ ਇੱਕ ਨੌਜਵਾਨ ਪੁਲੀਆ ਪਾਰ ਕਰਦੇ ਸਮੇਂ ਆਪਣੀ ਮੋਟਰਸਾਈਕਲ ਸਮੇਤ ਤੇਜ਼ ਪਾਣੀ ਵਿੱਚ ਵਹਿ ਗਿਆ।
ਉੱਤਰ ਪ੍ਰਦੇਸ਼ ਦੇ ਕਰੀਬ 20 ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਪਿਆ। ਕਾਨਪੁਰ ਦੇ ਜੀਐਸਵੀਐਮ ਮੈਡੀਕਲ ਕਾਲਜ ਵਿੱਚ ਪਾਣੀ ਭਰਨ ਕਾਰਨ ਕਈ ਕਾਰਾਂ ਅਤੇ ਦੋਪਹੀਆ ਵਾਹਨ ਅੱਧੇ ਤੱਕ ਡੁੱਬ ਗਏ।
ਜੰਮੂ-ਕਸ਼ਮੀਰ ਵਿੱਚ ਭੂ-ਸਖਲਨ ਕਾਰਨ ਰਾਮਨਗਰ-ਉਧਮਪੁਰ ਸੜਕ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ।
ਭਾਰਤੀ ਮੌਸਮ ਵਿਭਾਗ (IMD) ਨੇ ਓਡੀਸ਼ਾ ਦੇ ਪੁਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ ਦੋ ਦਿਨਾਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਮੌਸਮ ਹੋਰ ਵੀ ਸਰਗਰਮ ਰਹਿਣ ਦੀ ਉਮੀਦ ਹੈ।

