Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕੈਂਸਰ ਦੀਆਂ 137 ਦਵਾਈਆਂ ਅੱਜ ਤੋਂ ਹੋਈਆਂ ਸਸਤੀਆਂ, ਮਰੀਜ਼ਾਂ ਨੂੰ ਸਾਲਾਨਾ 3,540...

ਕੈਂਸਰ ਦੀਆਂ 137 ਦਵਾਈਆਂ ਅੱਜ ਤੋਂ ਹੋਈਆਂ ਸਸਤੀਆਂ, ਮਰੀਜ਼ਾਂ ਨੂੰ ਸਾਲਾਨਾ 3,540 ਕਰੋੜ ਰੁਪਏ ਦੀ ਬਚਤ ਦਾ ਅਨੁਮਾਨ

ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ। 9 ਨਵੰਬਰ ਤੋਂ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 137 ਦਵਾਈਆਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਦਵਾਈ ਕੰਪਨੀਆਂ ਨੇ 121 ਦਵਾਈਆਂ ਦੇ 1,364 ਫਾਰਮੂਲੇਸ਼ਨਾਂ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ 679 ਬ੍ਰਾਂਡਾਂ ਦੀਆਂ ਦਵਾਈਆਂ ਦੇ ਭਾਅ 50 ਫੀਸਦੀ ਤੋਂ ਵੱਧ ਘਟਾਏ ਗਏ ਹਨ। ਕੁਝ ਦਵਾਈਆਂ ਦੀਆਂ ਕੀਮਤਾਂ ਵਿੱਚ ਵੱਧ ਤੋਂ ਵੱਧ 96.45 ਫੀਸਦੀ ਤੱਕ ਦੀ ਕਮੀ ਕੀਤੀ ਗਈ ਹੈ।

ਕੀਮਤਾਂ ਵਿੱਚ ਇਸ ਕਟੌਤੀ ਨਾਲ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸਾਲ ਲਗਭਗ 3,540.38 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ।

ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਲਿਆ ਗਿਆ ਫੈਸਲਾ

ਦਰਅਸਲ, 22 ਸਤੰਬਰ ਨੂੰ ਸੁਪਰੀਮ ਕੋਰਟ ਨੇ ਕੈਂਸਰ ਦੀਆਂ ਦਵਾਈਆਂ ਦੀ ਰਿਟੇਲਰ ਕੀਮਤ (PTR) ਅਤੇ ਵੱਧ ਤੋਂ ਵੱਧ ਖੁਦਰਾ ਕੀਮਤ (MRP) ਵਿਚਕਾਰ ਵੱਡੇ ਅੰਤਰ ‘ਤੇ ਸਵਾਲ ਉਠਾਏ ਸਨ। ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਸੀ ਕਿ 2,700 ਰੁਪਏ ਦੀ ਦਵਾਈ ਮਰੀਜ਼ ਨੂੰ 27,000 ਰੁਪਏ ਵਿੱਚ ਵੇਚਣਾ ਦਿਨ-ਦਿਹਾੜੇ ਡਕੈਤੀ ਅਤੇ ਕਤਲੇਆਮ ਵਰਗਾ ਹੈ।

NPPA ਨੇ ਕੰਪਨੀਆਂ ਦਾ ਮੁਨਾਫ਼ਾ 30 ਫੀਸਦੀ ਤੈਅ ਕੀਤਾ

ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਤੋਂ ਬਾਅਦ 17 ਅਕਤੂਬਰ ਨੂੰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ 137 ਗੈਰ-ਅਨੁਸੂਚਿਤ ਕੈਂਸਰ ਦਵਾਈਆਂ ‘ਤੇ ਕੰਪਨੀਆਂ ਦਾ ਟ੍ਰੇਡ ਮਾਰਜਿਨ 30 ਫੀਸਦੀ ਤੈਅ ਕਰ ਦਿੱਤਾ ਸੀ। ਇਸੇ ਫੈਸਲੇ ਤੋਂ ਬਾਅਦ ਦਵਾਈਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।

ਮਾਹਿਰਾਂ ਦੀ ਕਮੇਟੀ ਨੇ ਕੀਤੀ ਸੀ ਸਿਫ਼ਾਰਸ਼

ਦਵਾਈਆਂ ਦੀਆਂ ਕੀਮਤਾਂ ਘਟਾਉਣ ਦੀ ਸਿਫ਼ਾਰਸ਼ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (DGHS) ਦੇ ਅਧੀਨ ਬਣਾਈ ਗਈ ਮਾਹਿਰਾਂ ਦੀ ਕਮੇਟੀ ਨੇ ਕੀਤੀ ਸੀ। ਇਸ ਕਮੇਟੀ ਵਿੱਚ ਦੇਸ਼ ਦੇ ਪ੍ਰਮੁੱਖ ਕੈਂਸਰ ਮਾਹਿਰ, ਡਾਕਟਰੀ ਮਾਹਿਰ, ਹਸਪਤਾਲਾਂ ਦੇ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਸਨ।

ਕਮੇਟੀ ਨੇ 137 ਦਵਾਈਆਂ ਦੇ ਮੁਨਾਫ਼ੇ ਦੇ ਮਾਰਜਿਨ ਨੂੰ ਤਰਕਸੰਗਤ ਬਣਾਉਣ ਅਤੇ ਮਰੀਜ਼ਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਸੂਚੀ ਨੂੰ ਸਮੇਂ-ਸਮੇਂ ‘ਤੇ ਅਪਡੇਟ ਵੀ ਕੀਤਾ ਜਾਵੇਗਾ।