ਚੰਡੀਗੜ੍ਹ/ਜਲੰਧਰ –ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਤਹਿਤ ਪੰਜਾਬ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਖ਼ਰੀਦ-ਫ਼ਰੋਖ਼ਤ ਵਾਲੀਆਂ ਥਾਵਾਂ ’ਤੇ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ)- ‘ਈਗਲ-5’ਚਲਾਇਆ। ਇਹ ਆਪ੍ਰੇਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਾਰੇ 28 ਪੁਲਸ ਜ਼ਿਲ੍ਹਿਆਂ ’ਚ ਇਕੋ ਸਮੇਂ ’ਤੇ ਚਲਾਇਆ ਗਿਆ।
ਸਪੈਸ਼ਲ ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ’ਚ ਨਸ਼ਿਆਂ ਦੇ ਹੌਟਸਪੌਟਸ ਦੀ ਪਛਾਣ ਕਰਕੇ ਸੁਚੱਜੇ ਢੰਗ ਨਾਲ ਆਪ੍ਰੇਸ਼ਨ ਨੂੰ ਨੇਪਰੇ ਚੜ੍ਹਾਉਣ ਸਬੰਧੀ ਯੋਜਨਾ ਬਣਾਉਣ ਤੇ ਐੱਸ. ਪੀ./ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ ’ਚ ਅਜਿਹੇ ਖੇਤਰਾਂ ’ਚ ਛਾਪੇਮਾਰੀ ਕਰਨ, ਜੋ ਨਸ਼ਾ ਸਮੱਗਲਰਾਂ ਲਈ ਪਨਾਹਗਾਹ/ਸੁਰੱਖਿਅਤ ਟਿਕਾਣੇ ਬਣ ਚੁੱਕੇ ਹਨ।