ਨਵੀਂ ਦਿੱਲੀ – ਸੁਪਰੀਮ ਕੋਰਟ ਤੋਂ ਅੰਤਰਿਮ ਜਮਾਨਤ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੇਲ ਵਿਚੋਂ ਰਿਹਾਅ ਹੋ ਚੁੱਕੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਨਾਂ ਨੂੰ ਰਸੀਵ ਕਰਨ ਲਈ ਤਿਹਾੜ ਜੇਲ ਪਹੁੰਚੇ ਅਤੇ ਆਪਣੀ ਗੱਡੀ ਵਿਚ ਬਿਠਾ ਕੇ ਉਥੋਂ ਸਿੱਧਾ ਸੀ.ਐਮ. ਆਵਾਸ ਲਈ ਨਿਕਲ ਗਏ।
ਅਰਵਿੰਦ ਕੇਜਰੀਵਾਲ ਜਿਸ ਵੇਲੇ ਸਰਕਾਰੀ ਆਵਾਸ ਪਹੁੰਚੇ ਤਾਂ ਉਥੇ ਪਹਿਲਾਂ ਹੀ ਉਨਾਂ ਦੇ ਇੰਤਜ਼ਾਰ ਵਿਚ ਹਜਾਰਾਂ ਵਰਕਰ ਮੌਜੂਦ ਸਨ ਜੋ ਕੇਜਰੀਵਾਲ ਦੇ ਹੱਕ ਵਿਚ ਨਾਅਰੇ ਲਗਾ ਰਹੇ ਸਨ। ਇਸ ਮੌਕੇ ਕੇਜਰੀਵਾਲ ਨੇ ਸਾਰੇ ਵਰਕਰਾਂ ਦੇ ਨਾਲ-ਨਾਲ ਹਨੂੰਮਾਨ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਹਨੂੰਮਾਨ ਜੀ ਦੀ ਕਿਰਪਾ ਨਾਲ ਇਹ ਸਭ ਕੁਝ ਹੋਇਆ ਐ। ਕੇਜਰੀਵਾਲ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੱਲ 11 ਵਜੇ ਕਨਾਟ ਪੈਲੇਸ ਸਥਿਤ ਹਨੂੰਮਾਨ ਮੰਦਿਰ ਆਉਣ ਅਤੇ ਉਥੇ ਸਾਰੇ ਮਿਲ ਕੇ ਆਸ਼ੀਰਵਾਦ ਲਵਾਂਗਾ। ਮੰਦਿਰ ਵਿਚ ਮੱਥਾ ਟੇਕਣ ਤੋਂ ਬਾਅਦ ਦੁਪਹਿਰ 1 ਵਜੇ ਪਾਰਟੀ ਦਫਤਰ ਵਿਖੇ ਸੀ.ਐਮ. ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਵੀ ਕਰਨਗੇ।
ਇਸਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਨੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ। ਜ਼ਮਾਨਤ ਮਿਲਣ ਮਗਰੋਂ ਕੇਜਰੀਵਾਲ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਰਨਗੇ। ਦੱਸ ਦੇਈਏ ਕਿ ਕੇਜਰੀਵਾਲ ਨੂੰ 2 ਜੂਨ ਨੂੰ ਹਰ ਹਾਲਤ ਵਿੱਚ ਸਰੰਡਰ ਕਰਨ ਲਈ ਕਿਹਾ ਗਿਆ ਹੈ। ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਪਿਛਲੇ 40 ਦਿਨਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਮਈ ਨੂੰ ਹੋਈ ਪਿਛਲੀ ਸੁਣਵਾਈ ਵਿੱਚ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੇਂਚ ਨੇ ਕਿਹਾ ਸੀ ਕਿ ਕੇਜਰੀਵਾਲ ਆਦਤਨ ਅਪਰਾਧੀ ਨਹੀਂ। ਉਨ੍ਹਾਂ ਕਿਹਾ ਸੀ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਹਨ ਤੇ ਇੱਕ ਚੁਣੇ ਹੋਏ ਨੇਤਾ ਹਨ। ਚੋਣਾਂ ਹੋ ਰਹੀਆਂ ਹਨ। ਇਹ ਅਸਧਾਰਨ ਹਾਲਾਤ ਹਨ। ਅਜਿਹਾ ਨਹੀਂ ਹੈ ਕਿ ਉਹ ਕੋਈ ਆਦਤਨ ਅਪਰਾਧੀ ਹਨ। ਅਸੀਂ ਇਸ ਬਾਰੇ ਦਲੀਲਾਂ ਸੁਣਨ ‘ਤੇ ਵਿਚਾਰ ਕਰਨਗੇ ਕਿ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਜਾਂ ਨਹੀਂ।